ਓਲੰਪਿਕ ਖੇਡਾਂ ’ਚ 21 ਸਾਲਾਂ ਬਾਅਦ ਪੰਜਾਬ ਨੂੰ ਮਿਲੀ ਹਾਕੀ ਦੀ ਕਪਤਾਨੀ

83
Share

ਜਲੰਧਰ ਦੇ ਪਿੰਡ ਮਿੱਠਾਪੁਰ ਦਾ ਮਨਪ੍ਰੀਤ ਸਿੰਘ ਕਰੇਗਾ ਭਾਰਤੀ ਹਾਕੀ ਟੀਮ ਦੀ ਅਗਵਾਈ
ਮਾਨਸਾ, 23 ਜੂਨ (ਪੰਜਾਬ ਮੇਲ)- ਓਲੰਪਿਕ ਖੇਡਾਂ ’ਚ ਪੰਜਾਬ ਨੂੰ 21 ਸਾਲਾਂ ਪਿੱਛੋਂ ਹਾਕੀ ਦੀ ਕਪਤਾਨੀ ਮਿਲੀ ਹੈ। ਐਤਕੀਂ ਟੋਕੀਓ ਓਲਪਿੰਕ ਵਿਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਬੀਰੇਂਦਰ ਲਾਕੜਾ ਅਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਉਪ-ਕਪਤਾਨ ਐਲਾਨਿਆ ਗਿਆ ਹੈ। ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਬਾਰਸੀਲੋਨਾ-1992 ਅਤੇ ਐਟਲਾਂਟਾ-1996 ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ ਅੱਠਵਾਂ ਖਿਡਾਰੀ ਹੈ, ਜਿਹੜਾ ਓਲਪਿੰਕ ਵਿਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪਿ੍ਰਥੀਪਾਲ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ।
ਕਮਲਪ੍ਰੀਤ ਕੌਰ ਦੀ ਓਲੰਪਿਕ ਲਈ ਚੋਣ
ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਨੇ ਪਟਿਆਲਾ ’ਚ ਹੋਏ ਡਿਸਕਸ ਥਰੋਅ ਮੁਕਾਬਲੇ ਦੌਰਾਨ 66.59 ਮੀਟਰ ਨਾਲ ਓਲੰਪਿਕ ਵਿਚ ਜਗ੍ਹਾ ਬਣਾ ਲਈ ਹੈ। ਉਸ ਨੇ ਆਪਣਾ ਹੀ ਨੌਂ ਸਾਲ ਪੁਰਾਣਾ 65.06 ਮੀਟਰ ਦਾ ਰਿਕਾਰਡ ਤੋੜਿਆ। ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਟਿਆਂਵਾਲੀ ਸਕੂਲ ਵਿਚ 10ਵੀਂ ’ਚ ਪੜ੍ਹਦਿਆਂ ਕਮਲਪ੍ਰੀਤ ਨੇ ਡਿਸਕਸ ਥ੍ਰੋਅ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

Share