ਓਰੇਗਨ ਪੁਲਿਸ ਵੱਲੋਂ ਭਾਰੀ ਮਾਤਰਾ ’ਚ ਗੈਰ ਕਾਨੂੰਨੀ ਭੰਗ ਬਰਾਮਦ

255
ਇਕ ਗੁਦਾਮ ’ਚ ਨਜ਼ਰ ਆ ਰਹੀ ਭੰਗ ਦੀ ਗੈਰ ਕਾਨੂੰਨੀ ਖੇਤੀ।
Share

* ਬਰਾਮਦ ਭੰਗ ਦੀ ਕੀਮਤ 50 ਕਰੋੜ ਡਾਲਰ
ਸੈਕਰਾਮੈਂਟੋ, 22 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਓਰੇਗਨ ਰਾਜ ’ਚ ਮੈਡਫੋਰਡ ਦੇ ਬਾਹਰਵਾਰ ਪੁਲਿਸ ਨੇ ਇਕ ਛਾਪੇਮਾਰੀ ਦੌਰਾਨ 22 ਕੁਇੰਟਲ ਤੋਂ ਵਧ ਗੈਰ ਕਾਨੂੰਨੀ ਭੰਗ ਬਰਾਮਦ ਕੀਤੀ ਹੈ, ਜਿਸ ਦੀ ਅਨੁਮਾਨਤ ਬਾਜ਼ਾਰੀ ਕੀਮਤ 50 ਕਰੋੜ ਡਾਲਰ ਬਣਦੀ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਕਾਨੂੰਨੀ ਤੌਰ ’ਤੇ ਪੂਰੇ ਅਮਰੀਕਾ ’ਚ ਭੰਗ ਦੀ ਵਿਕਰੀ ਵਧ ਰਹੀ ਹੈ, ਤਦ ਇਸ ਦਰਮਿਆਨ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ। ਓਰੇਗਨ ਸਟੇਟ ਪੁਲਿਸ ਦੀ ਦੱਖਣ ਪੱਛਮੀ ਡਰੱਗ ਇਨਫੋਰਸਮੈਂਟ ਟੀਮ ਨੇ ਤਲਾਸ਼ੀ ਵਾਰੰਟਾਂ ਉਪਰ ਕਾਰਵਾਈ ਕਰਦਿਆਂ 5 ਸਨਅਤੀ ਆਕਾਰ ਦੇ ਗੁਦਾਮਾਂ ਦੀ ਤਲਾਸ਼ੀ ਲਈ, ਜਿਸ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਵੱਡੀ ਪੱਧਰ ਉਪਰ ਕੀਤੀ ਭੰਗ ਦੀ ਖੇਤੀ ਮਿਲੀ। ਬਿਨਾਂ ਲਾਇਸੰਸ ਦੇ ਏਨੀ ਵੱਡੀ ਪੱਧਰ ਉਪਰ ਖੇਤੀ ਕਰਨਾ ਗੈਰ ਕਾਨੂੰਨੀ ਹੈ। ਪੁਲਿਸ ਨੇ ਲਗਾਤਾਰ ਦੋ ਦਿਨ ਦੌਰਾਨ ਛਾਪੇਮਾਰੀ ਕੀਤੀ, ਜਿਸ ਦੌਰਾਨ ਇਕ ਗੰਨ ਵੀ ਬਰਾਮਦ ਹੋਈ ਹੈ। ਇਥੇ ਜ਼ਿਕਰਯੋਗ ਹੈ ਕਿ ਓਰੇਗਨ ਰਾਜ ਦੇ ਕਾਨੂੰਨ ਅਨੁਸਾਰ 21 ਸਾਲ ਤੇ ਇਸ ਤੋਂ ਵਧ ਉਮਰ ਦਾ ਬਾਲਗ ਇਕ ਨਿਸ਼ਚਿਤ ਮਾਤਰਾ ਵਿਚ ਭੰਗ ਦੀ ਵਰਤੋਂ ਕਰ ਸਕਦਾ ਹੈ ਪਰੰਤੂ ਭੰਗ ਦੀ ਵੱਡੀ ਪੱਧਰ ਉਪਰ ਖੇਤੀ ਕਰਨੀ ਗੈਰ ਕਾਨੂੰਨੀ ਹੈ। ਪੁਲਿਸ ਨੇ ਜਾਰੀ ਇਕ ਬਿਆਨ ’ਚ ਕਿਹਾ ਹੈ ਕਿ ਛਾਪੇਮਾਰੀ ਦੌਰਾਨ ਹਿਰਾਸਤ ’ਚ ਲਏ ਪ੍ਰਵਾਸੀ ਕਾਮੇ ਸਨ, ਜੋ ਉਥੇ ਰਹਿ ਰਹੇ ਸਨ। ਉਨ੍ਹਾਂ ਨੂੰ ਪੁੱਛਗਿੱਛ ਕਰਨ ਉਪਰੰਤ ਛੱਡ ਦਿੱਤਾ ਗਿਆ ਹੈ। ਪੁਲਿਸ ਅਨੁਸਾਰ ਗੁਦਾਮਾਂ ਵਿਚ ਰਹਿਣ ਦੇ ਹਾਲਾਤ ਬਹੁਤ ਮਾੜੇ ਹਨ ਤੇ ਉਥੇ ਪੀਣ ਲਈ ਤਾਜ਼ਾ ਪਾਣੀ ਤੱਕ ਨਹੀਂ ਹੈ। ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਹੋ ਰਹੀ ਹੈ, ਜਿਸ ਨੂੰ ਕੁਝ ਹਫਤੇ ਲੱਗ ਸਕਦੇ ਹਨ।

Share