ਓਮ ਪ੍ਰਕਾਸ਼ ਚੌਟਾਲਾ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ

113
Share

ਚੰਡੀਗੜ੍ਹ, 24 ਜੂਨ (ਪੰਜਾਬ ਮੇਲ)- ਜੇ.ਬੀ.ਟੀ. ਅਧਿਆਪਕ ਭਰਤੀ ਘੁਟਾਲੇ ‘ਚ ਦਿੱਲੀ ਦੀ ਤਿਹਾੜ ਜੇਲ੍ਹ ‘ਚ 10 ਸਾਲ ਦੀ ਕੈਦ ਕੱਟਣ ਵਾਲੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਮੰਗਲਵਾਰ ਦੀ ਰਾਤ ਨੂੰ ਪੂਰੀ ਹੋ ਗਈ | ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਓਮ ਪ੍ਰਕਾਸ਼ ਚੌਟਾਲਾ ਦੇ ਵਕੀਲ ਅਮਿਤ ਸਾਹਨੀ ਨੂੰ ਇਹ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪੈਰੋਲ ‘ਤੇ ਹੋਣ ਦੇ ਕਾਰਨ ਚੌਟਾਲਾ ਜੇਲ੍ਹ ਤੋਂ ਬਾਹਰ ਹੀ ਹਨ ਪਰ ਕੁਝ ਕਾਗਜ਼ੀ ਕਾਰਵਾਈ ਪੂਰੀ ਹੁੰਦਿਆਂ ਹੀ ਉਹ ਅਧਿਕਾਰਕ ਤੌਰ ‘ਤੇ ਰਿਹਾਅ ਹੋ ਜਾਣਗੇ | ਚੌਟਾਲਾ ਦੀ ਰਿਹਾਈ ਨਾਲ ਜਿਥੇ ਇਨੈਲੋ ਵਰਕਰਾਂ ‘ਚ ਕਾਫੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਉਥੇ ਇਸ ਦਾ ਅਸਰ ਅਭੈ ਚੌਟਾਲਾ ਦੇ ਅਸਤੀਫ਼ੇ ਨਾਲ ਖ਼ਾਲੀ ਹੋਈ ਏਲਨਾਬਾਦ ਸੀਟ ਦੀ ਉਪ ਚੋਣ ‘ਚ ਵੀ ਵੇਖਣ ਨੂੰ ਮਿਲ ਸਕਦਾ ਹੈ | ਹਾਲਾਂਕਿ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਵਜੂਦ ਚੌਟਾਲਾ ਦੇ ਦਸ ਸਾਲ ਤੱਕ ਚੋਣ ਲੜਨ ‘ਤੇ ਰੋਕ ਰਹੇਗੀ | ਦੱਸਣਯੋਗ ਹੈ ਕਿ 16 ਜਨਵਰੀ 2013 ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਸਮੇਤ 55 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ |


Share