ਓਮੀਕਰੋਨ: ਹਾਂਗਕਾਂਗ ਵੱਲੋਂ ਭਾਰਤ ਸਮੇਤ 8 ਮੁਲਕਾਂ ਦੀਆਂ ਹਵਾਈ ਉਡਾਣਾਂ ’ਤੇ 21 ਜਨਵਰੀ ਤੱਕ ਰੋਕ

582
ਹਾਂਗਕਾਂਗ ’ਚ ਕਰੋਨਾ ਮਹਾਮਾਰੀ ਕਾਰਨ ਇਕ ਹੋਟਲ ’ਚ ਚੁੱਕੇ ਅਹਿਤਿਆਤੀ ਕਦਮ।
Share

ਪੇਈਚਿੰਗ/ਹਾਂਗਕਾਂਗ, 6 ਜਨਵਰੀ (ਪੰਜਾਬ ਮੇਲ)-ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਦੇ ਵਧਦੇ ਕੇਸਾਂ ਦਰਮਿਆਨ ਹਾਂਗਕਾਂਗ ਨੇ ਮੁੜ ਤੋਂ ਸਖ਼ਤ ਕਰੋਨਾ ਪਾਬੰਦੀਆਂ ਲਾਉਂਦਿਆਂ ਭਾਰਤ ਸਮੇਤ ਅੱਠ ਮੁਲਕਾਂ ਤੋਂ ਆਉਂਦੀਆਂ ਹਵਾਈ ਉਡਾਣਾਂ ’ਤੇ 21 ਜਨਵਰੀ ਤੱਕ ਰੋਕ ਲਾ ਦਿੱਤੀ ਹੈ। ਹਾਂਗਕਾਂਗ ਆਧਾਰਿਤ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਮੁਲਕ ਦੇ ਮੁੱਖ ਕਾਰਜਕਾਰੀ ਕੈਰੀ ਲੈਮ ਚੈਂਗ ਯੂਏਟ-ਨਗੋਰ ਦੇ ਹਵਾਲੇ ਨਾਲ ਕਿਹਾ ਕਿ ਅੱਠ ਮੁਲਕਾਂ-ਆਸਟਰੇਲੀਆ, ਕੈਨੇਡਾ, ਫਰਾਂਸ, ਭਾਰਤ, ਪਾਕਿਸਤਾਨ, ਫਿਲਪੀਨਜ਼, ਯੂ.ਕੇ. ਤੇ ਅਮਰੀਕਾ ਤੋਂ ਆਉਣ ਵਾਲੀਆਂ ਉਡਾਣਾਂ (ਜਿਨ੍ਹਾਂ ਵਿਚ ਦੂਜੇ ਰੂਟਾਂ ਤੋਂ ਹੋ ਕੇ ਆਉਣ ਵਾਲੀਆਂ ਉਡਾਣਾਂ ਵੀ ਸ਼ਾਮਲ ਹਨ) ਦੇ ਸ਼ਨਿੱਚਰਵਾਰ ਤੋਂ ਅਗਲੇ ਦੋ ਹਫ਼ਤਿਆਂ ਲਈ ਮੁਲਕ ਵਿਚ ਦਾਖ਼ਲ ਹੋਣ ’ਤੇ ਪਾਬੰਦੀ ਰਹੇਗੀ। ਕੋਵਿਡ-19 ਦੇ ਪਾਸਾਰ ਨੂੰ ਰੋਕਣ ਲਈ ਆਇਦ ਸਖ਼ਤ ਪਾਬੰਦੀਆਂ ਦੇ ਘੇਰੇ ਵਿਚ ਸਮਾਜਿਕ ਸਰਗਰਮੀਆਂ ਤੇ ਕੌਮਾਂਤਰੀ ਯਾਤਰਾ ਵੀ ਸ਼ਾਮਲ ਹੈ। ਲੈਮ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੋਕਲੇ ਹੁੰਦੇ ਘੇਰੇ ਕਰਕੇ ਸ਼ਹਿਰ ਵਿਚ ਸਖ਼ਤ ਪਾਬੰਦੀਆਂ ਦੀ ਵੱਡੀ ਲੋੜ ਸੀ। ਲੈਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮਹਾਮਾਰੀ ਹਾਲਾਤ ’ਚ ਤੇਜ਼ੀ ਨਾਲ ਬਦਲਾਅ ਆ ਰਹੇ ਹਨ, ਜਿਸ ਨੇ ਸਾਰਿਆਂ ਨੂੰ ਫ਼ਿਕਰਾਂ ਵਿਚ ਪਾ ਦਿੱਤਾ ਹੈ। ਅਸੀਂ ਲਾਗ ਨੂੰ ਅੱਗੇ ਤੋਂ ਅੱਗੇ ਫੈਲਣ ਤੋਂ ਰੋਕਣ ਲਈ ਫੈਸਲਾਕੁੰਨ ਤੇ ਯਕੀਨੀ ਉਪਰਾਲਿਆਂ ਦਾ ਐਲਾਨ ਕੀਤਾ ਹੈ।’ ਯਾਤਰੀ ਉਡਾਣਾਂ ’ਤੇ ਲਾਈ ਦੋ ਹਫ਼ਤਿਆਂ ਦੀ ਪਾਬੰਦੀ 21 ਜਨਵਰੀ ਤੱਕ ਅਮਲ ਵਿਚ ਰਹੇਗੀ।

Share