ਓਮੀਕਰੋਨ ਦੀ ਚਿੰਤਾ: ਸਰਕਾਰ ਨੇ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਵਾਪਸ

254
Share

ਨਵੀਂ ਦਿੱਲੀ, 2 ਦਸੰਬਰ (ਪੰਜਾਬ ਮੇਲ)-ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਰਕਾਰ ਨੇ 15 ਦਸੰਬਰ ਤੋਂ ਨਿਰਧਾਰਿਤ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਦੇ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ (ਓਮੀਕਰੋਨ) ਦੇ ਹੋਂਦ ’ਚ ਆਉਣ ਨਾਲ ਵਿਸ਼ਵ ਚਿੰਤਾ ਦੇ ਮੱਦੇਨਜ਼ਰ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਸਥਿਤੀ ਨੂੰ ਨੇੜਿਓਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਅੰਤਰਰਾਸ਼ਟਰੀ ਉਡਾਣਾਂ ਨੂੰ ਮੁੜ ਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਭਾਰਤ ’ਚ ਅਜੇ ਤੱਕ ਓਮੀਕਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਸਖ਼ਤ ਨਿਯਮ ਲਾਗੂ ਕਰ ਦਿੱਤੇ ਗਏ ਹਨ। ਡੀ.ਜੀ.ਸੀ.ਏ. ਅਨੁਸਾਰ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਨੂੰ ਮੁੜ ਸ਼ੁਰੂ ਕਰਨ ਦੀ ਪ੍ਰਭਾਵੀ ਮਿਤੀ ਦਾ ਐਲਾਨ ਹੁਣ ਬਾਅਦ ’ਚ ਕੀਤਾ ਜਾਵੇਗਾ, ਜੋ 23 ਮਾਰਚ, 2020 ਤੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਮੁਅੱਤਲ ਹਨ। ਵਰਤਮਾਨ ’ਚ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਇਕ ਸੀਮਤ ਤਰੀਕੇ ਨਾਲ ਵੱਖ-ਵੱਖ ਦੇਸ਼ਾਂ ਦੇ ਨਾਲ ਦੁਵੱਲੇ ‘ਏਅਰ ਬਬਲ’ ਪ੍ਰਬੰਧਾਂ ਤਹਿਤ ਚਲਾਈਆਂ ਜਾ ਰਹੀਆਂ ਹਨ। 24 ਨਵੰਬਰ ਤੱਕ ਭਾਰਤ ਨੇ 31 ਦੇਸ਼ਾਂ ਨਾਲ ‘ਏਅਰ ਬਬਲ’ ਦੇ ਪ੍ਰਬੰਧ ਨੂੰ ਰਸਮੀ ਰੂਪ ਦਿੱਤਾ ਸੀ।

Share