ਓਮੀਕਰੋਨ ਦੀ ਗੰਭੀਰਤਾ ਬਾਰੇ ਸਿੱਟਾ ਕੱਢਣ ਤੋਂ ਪਹਿਲਾਂ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ : ਡਾ. ਫਾਊਚੀ

187
Share

-ਦੇਸ਼ ’ਚ 99 ਫ਼ੀਸਦੀ ਤੋਂ ਵੱਧ ਮਰੀਜ਼ ਡੈਲਟਾ ਨਾਲ ਸੰਕਰਮਿਤ
ਵਾਸ਼ਿੰਗਟਨ, 8 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਚੋਟੀ ਦੇ ਮੈਡੀਕਲ ਅਧਿਕਾਰੀ ਨੇ ਕਿਹਾ ਹੈ ਕਿ ਹਾਲਾਂਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਦੇਸ਼ ਭਰ ’ਚ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਦੇ ਡੈਲਟਾ ਵੇਰੀਐਂਟ ਨਾਲੋਂ ਘੱਟ ਖ਼ਤਰਨਾਕ ਹੈ। ਡੈਲਟਾ ਕਾਰਨ ਅਮਰੀਕਾ ਦੇ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਯੂ.ਐੱਸ. ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੱਖ ਡਾਕਟਰੀ ਸਲਾਹਕਾਰ ਡਾਕਟਰ ਐਂਥਨੀ ਫਾਊਚੀ ਨੇ ਐਤਵਾਰ ਨੂੰ ਸੀ.ਐੱਨ.ਐੱਨ. ਦੇ ਸਟੇਟ ਆਫ ਦਿ ਯੂਨੀਅਨ ਪ੍ਰੋਗਰਾਮ ਨੂੰ ਦੱਸਿਆ ਕਿ ਵਿਗਿਆਨੀਆਂ ਨੂੰ ਓਮੀਕਰੋਨ ਦੀ ਗੰਭੀਰਤਾ ਬਾਰੇ ਸਿੱਟਾ ਕੱਢਣ ਤੋਂ ਪਹਿਲਾਂ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਓਮੀਕਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਦੁਨੀਆਂ ਵਿਚ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ।
ਦੱਖਣੀ ਅਫਰੀਕਾ ਤੋਂ ਪ੍ਰਾਪਤ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਲੋਕਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਦਰ ਤੇਜ਼ੀ ਨਾਲ ਨਹੀਂ ਵਧੀ ਹੈ। ਫਾਊਚੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਕਈ ਅਫਰੀਕੀ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖ਼ਲੇ ’ਤੇ ਲਗਾਈਆਂ ਯਾਤਰਾ ਪਾਬੰਦੀਆਂ ਨੂੰ ਹਟਾਉਣ ’ਤੇ ਵਿਚਾਰ ਕਰ ਰਿਹਾ ਹੈ। ਖੇਤਰ ਵਿਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਅਜਿਹੇ ਕਦਮਾਂ ਦੀ ਨਿੰਦਾ ਕੀਤੀ ਹੈ। ਫਾਊਚੀ ਨੇ ਕਿਹਾ, ‘ਉਮੀਦ ਹੈ ਕਿ ਅਸੀਂ ਸਹੀ ਸਮੇਂ ਵਿਚ ਪਾਬੰਦੀਆਂ ਹਟਾ ਪਾਵਾਂਗੇ। ਸਿਰਫ਼ ਦੱਖਣੀ ਅਫ਼ਰੀਕਾ ਹੀ ਨਹੀਂ, ਸਗੋਂ ਹੋਰ ਅਫ਼ਰੀਕੀ ਦੇਸ਼ ਨੂੰ ਵੀ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਾਨੂੰ ਇਸ ਦਾ ਬਹੁਤ ਬੁਰਾ ਲੱਗਦਾ ਹੈ।’ ਅਮਰੀਕਾ ਵਿਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਪਰ ਕੋਰੋਨਾ ਵਾਇਰਸ ਦੇ ਜ਼ਿਆਦਾਤਰ ਮਾਮਲਿਆਂ ਦਾ ਕਾਰਨ ਡੈਲਟਾ ਵੇਰੀਐਂਟ ਹੈ। ਦੇਸ਼ ਵਿਚ 99 ਫ਼ੀਸਦੀ ਤੋਂ ਵੱਧ ਮਰੀਜ਼ ਡੈਲਟਾ ਨਾਲ ਸੰਕਰਮਿਤ ਹਨ। ਅਮਰੀਕਾ ਵਿਚ ਕੋਵਿਡ-19 ਨਾਲ ਹੁਣ ਤੱਕ 7,80,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ।

Share