ਓਮੀਕਰੋਨ ਦਾ ਖਤਰਾ: ਪਾਕਿਸਤਾਨ ਵੱਲੋਂ 15 ਦੇਸ਼ਾਂ ਦੀ ਯਾਤਰਾ ’ਤੇ ਪਾਬੰਦੀ

525
Share

ਇਸਲਾਮਾਬਾਦ, 8 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਨੇ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਖ਼ਤਰੇ ਦੇ ਮੱਦੇਨਜ਼ਰ ਸੋਮਵਾਰ ਨੂੰ ਕੁਝ ਸ਼ਰਤਾਂ ਨੂੰ ਛੱਡ ਕੇ 15 ਦੇਸ਼ਾਂ ਦੀ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਅਤੇ 13 ਹੋਰ ਦੇਸ਼ਾਂ ’ਚ ਯਾਤਰਾ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ। ਐਂਟੀ-ਕੋਰੋਨਾ ਵਾਇਰਸ ਉਪਾਵਾਂ ਲਈ ਸਿਖ਼ਰ ਨੈਸ਼ਨਲ ਕਮਾਂਡ ਐਂਡ ਓਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਹਵਾਈ ਯਾਤਰਾ ਦੀ ਸ਼੍ਰੇਣੀ ਨੂੰ ਨਿਰਧਾਰਤ ਕਰਨ ਦੇ ਸਬੰਧ ਵਿਚ ਵਿਸ਼ਵ ’ਚ ਕੋਵਿਡ-19 ਦੀ ਸਥਿਤੀ ਦੀ ਸਮੀਖਿਆ ਕੀਤੀ। ਐੱਨ.ਸੀ.ਓ.ਸੀ. ਦੇ ਇਕ ਬਿਆਨ ਅਨੁਸਾਰ ਬੈਠਕ ’ਚ ਵੱਖ-ਵੱਖ ਦੇਸ਼ਾਂ ਦੇ ਯਾਤਰੀਆਂ ਲਈ ਸਿਹਤ ਪ੍ਰੋਟੋਕੋਲ ਦੇ ਆਧਾਰ ’ਤੇ ਸੋਧੀਆਂ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਵੱਖ-ਵੱਖ ਦੇਸ਼ਾਂ ਨੂੰ ਤਿੰਨ ਸ਼੍ਰੇਣੀਆਂ ਏ, ਬੀ ਅਤੇ ਸੀ ਵਿਚ ਰੱਖਿਆ ਗਿਆ ਹੈ। ਸ਼੍ਰੇਣੀ ‘ਸੀ’ ਵਿਚ 15 ਦੇਸ਼ ਸ਼ਾਮਲ ਹਨ- ਕ੍ਰੋਏਸ਼ੀਆ, ਹੰਗਰੀ, ਨੀਦਰਲੈਂਡ, ਯੂਕਰੇਨ, ਆਇਰਲੈਂਡ, ਸਲੋਵੇਨੀਆ, ਵੀਅਤਨਾਮ, ਪੋਲੈਂਡ, ਦੱਖਣੀ ਅਫਰੀਕਾ, ਮੋਜ਼ਾਮਬੀਕ, ਲੇਸੋਥੋ, ਇਸਵਾਤੀਨੀ, ਬੋਤਸਵਾਨਾ, ਜ਼ਿੰਬਾਬਵੇ ਅਤੇ ਨਾਮੀਬੀਆ।
ਬਿਆਨ ਮੁਤਾਬਕ ‘ਸੀ’ ਸ਼੍ਰੇਣੀ ਵਾਲੇ ਦੇਸ਼ਾਂ ਤੋਂ ਯਾਤਰਾ ’ਤੇ ਪੂਰਨ ਪਾਬੰਦੀ ਹੋਵੇਗੀ ਪਰ ਕਮੇਟੀ ਤੋਂ ਛੋਟ ਦਾ ਸਰਟੀਫਿਕੇਟ ਲੈਣ ਤੋਂ ਬਾਅਦ ਜ਼ਰੂਰੀ ਯਾਤਰਾ ਦੀ ਇਜਾਜ਼ਤ ਦਿੱਤੀ ਜਾ ਸਕੇਗੀ। ਐੱਨ.ਸੀ.ਓ.ਸੀ. ਨੇ ਜਰਮਨੀ, ਤਿ੍ਰਨੀਦਾਦ ਅਤੇ ਟੋਬੈਗੋ, ਅਜ਼ਰਬਾਈਜਾਨ, ਮੈਕਸੀਕੋ, ਸ਼੍ਰੀਲੰਕਾ, ਰੂਸ, ਅਮਰੀਕਾ, ਯੂ.ਕੇ., ਥਾਈਲੈਂਡ, ਫਰਾਂਸ, ਆਸਟ੍ਰੀਆ, ਅਫ਼ਗਾਨਿਸਤਾਨ ਅਤੇ ਤੁਰਕੀ ਨੂੰ ਸ਼੍ਰੇਣੀ ‘ਬੀ’ ਵਿਚ ਰੱਖਿਆ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੋਣਾ ਚਾਹੀਦਾ ਹੈ। ਯਾਤਰੀਆਂ ਨੂੰ ਯਾਤਰਾ ਤੋਂ 48 ਘੰਟੇ ਪਹਿਲਾਂ ਤੱਕ ਦਾ ‘ਨੈਗੇਟਿਵ ਰਿਪੋਰਟ’ ਵੀ ਜਮ੍ਹਾ ਕਰਵਾਉਣੀ ਹੋਵੇਗੀ। ਸ਼੍ਰੇਣੀ ‘ਸੀ’ ਅਤੇ ‘ਬੀ’ ਵਿਚ ਸ਼ਾਮਲ ਨਾ ਕੀਤੇ ਗਏ ਹੋਰ ਸਾਰੇ ਦੇਸ਼ਾਂ ਨੂੰ ਸ਼੍ਰੇਣੀ ‘ਏ’ ਵਿਚ ਰੱਖਿਆ ਗਿਆ ਹੈ। ਸਾਰੇ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣਾ ਚਾਹੀਦਾ ਹੈ। ਸਾਰੇ ਪਾਕਿਸਤਾਨੀ ਬਿਨਾਂ ਛੋਟ ਦੇ ਸ਼੍ਰੇਣੀ ‘ਸੀ’ ਦੇ ਦੇਸ਼ਾਂ ਤੋਂ 15 ਦਸੰਬਰ ਤੱਕ ਯਾਤਰਾ ਕਰ ਸਕਦੇ ਹਨ ਪਰ ਪਹੁੰਚਣ ’ਤੇ ਜਾਂਚ ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

Share