ਓਮੀਕਰੋਨ ਦਾ ਖਤਰਾ: ਕੈਨੇਡਾ ਸਰਕਾਰ ਵੱਲੋਂ ਯਾਤਰਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ

423
Share

-ਪੀ.ਸੀ.ਆਰ. ਟੈਸਟ ਕੀਤਾ ਲਾਜ਼ਮੀ; ਟੈਸਟ ’ਚ ਯਾਤਰੀ ਦਾ ਨੈਗੇਟਿਵ ਆਉਣਾ ਜ਼ਰੂਰੀ
ਟੋਰਾਂਟੋ, 20 ਦਸੰਬਰ (ਪੰਜਾਬ ਮੇਲ)- ਕੈਨੇਡਾ ਸਮੇਤ ਦੁਨੀਆਂ ਭਰ ਦੇ ਜ਼ਿਆਦਾਤਰ ਦੇਸ਼ਾਂ ’ਚ ਓਮੀਕਰੋਨ ਦੇ ਕਮਿਊਨਿਟੀ ਟਰਾਂਸਮਿਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਓਮੀਕਰੋਨ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਗੈਰ-ਜ਼ਰੂਰੀ ਯਾਤਰਾਵਾਂ ਨਾ ਕਰਨ ਦੀ ਸਲਾਹ ਦਿੱਤੀ ਹੈ। ਫਿਰ ਵੀ ਜਿਹੜੇ ਲੋਕ ਯਾਤਰਾ ਕਰਨ ਦੇ ਚਾਹਵਾਨ ਹਨ, ਉਨ੍ਹਾਂ ਲਈ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ’ਤੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਸਬੰਧੀ ਪੋਸਟ ਪਾਈ ਹੈ।
ਪੋਸਟ ਮੁਤਾਬਕ ਜਿਹੜੇ ਲੋਕ 21 ਦਸਬੰਰ ਤੋਂ ਕੈਨੇਡਾ ਵਾਪਰ ਪਰਤਣਗੇ, ਉਨ੍ਹਾਂ ਲਈ ਪੀ.ਸੀ.ਆਰ. ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਟੈਸਟ ’ਚ ਯਾਤਰੀ ਦਾ ਨੈਗੇਟਿਵ ਆਉਣਾ ਜ਼ਰੂਰੀ ਹੈ। ਜਿਹੜੇ ਲੋਕ 72 ਘੰਟੇ ਤੋਂ ਘੱਟ ਸਮੇਂ ਲਈ ਦੇਸ਼ ਤੋਂ ਬਾਹਰ ਹਨ, ਉਨ੍ਹਾਂ ਲਈ ਮਹੱਤਵਪੂਰਨ ਹੈ ਕਿ ਇਹ ਟੈਸਟ ਕੈਨੇਡਾ ਤੋਂ ਇਲਾਵਾ ਕਿਸੇ ਹੋਰ ਦੇਸ਼ ਕਰਵਾਇਆ ਜਾਣਾ ਚਾਹੀਦਾ ਹੈ। ਸਾਵਧਾਨੀ ਦੇ ਤਹਿਤ ਸਰਕਾਰ ਨੇ ਓਨਟਾਰੀਓ ਵਿਚ ਐੱਨ.ਬੀ.ਏ. ਅਤੇ ਐੱਨ.ਐੱਚ.ਐੱਲ. ਖੇਡਾਂ ਵਰਗੇ ਪ੍ਰੋਗਰਾਮਾਂ ’ਚ ਦਰਸ਼ਕਾਂ ਦੀ ਸੰਖਿਆ 50 ਫ਼ੀਸਦੀ ਤੱਕ ਸੀਮਤ ਕਰ ਦਿੱਤੀ ਹੈ। ਓਨਟਾਰੀਓ ਦੇ ਮੁਖੀ ਡੱਗ ਫੋਰਡ ਨੇ ਇਹ ਵੀ ਕਿਹਾ ਕਿ ਸਾਰੇ ਬਾਲਗ ਸੋਮਵਾਰ ਤੋਂ ਬੂਸਟਰ ਖ਼ੁਰਾਕ ਲਈ ਹੁਣ ‘ਬੁਕਿੰਗ’ ਕਰ ਸਕਦੇ ਹਨ, ਜੇਕਰ ਦੂਜੀ ਖ਼ੁਰਾਕ ਲਏ ਨੂੰ ਉਨ੍ਹਾਂ ਨੂੰ 3 ਮਹੀਨੇ ਹੋ ਚੁੱਕੇ ਹਨ। ਫੋਰਡ ਨੇ ਕਿਹਾ, ‘ਅਸੀਂ ਤਾਲਾਬੰਦੀ ਨਹੀਂ ਲਗਾ ਰਹੇ ਹਾਂ ਅਤੇ ਇਸ ਨਾਲ ਇਸ ਤਰ੍ਹਾਂ ਹੀ ਨਜਿੱਠਣ ਦੀ ਕੋਸ਼ਿਸ਼ ਕਰਾਂਗੇ।’
ਫੋਰਡ ਨੇ ਕਿਹਾ ਕਿ ਹੁਣ ਤੱਕ ਓਮੀਕਰੋਨ ਬਹੁਤ ਜ਼ਿਆਦਾ ਛੂਤਕਾਰੀ ਪ੍ਰਤੀਤ ਹੋ ਰਿਹਾ ਹੈ ਅਤੇ ਸੂਬੇ ਵਿਚ ਇਸ ਦਾ ਪ੍ਰਕੋਪ ਵੱਧਣ ਦਾ ਖ਼ਦਸ਼ਾ ਹੈ। ਓਨਟਾਰੀਓ ਦੇ ਕਿੰਗਸਟਨ ਸ਼ਹਿਰ ਨੇ ਇਸ ਨਵੇਂ ਵੇਰੀਐਂਟ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਸ ਹਫ਼ਤੇ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਸੀ। ਓਨਟਾਰੀਓ ਦੇ ਸਕੂਲ ਵੀ ਨਵੇਂ ਸਾਲ ਵਿਚ ਇਕ ਵਾਰ ਫਿਰ ਕਲਾਸਾਂ ਆਨਲਾਈਨ ਆਯੋਜਿਤ ਕਰਨ ਦੀ ਤਿਆਰੀ ਕਰ ਰਹੇ ਹਨ।

Share