ਟੋਰਾਂਟੋ, 2 ਦਸੰਬਰ (ਪੰਜਾਬ ਮੇਲ)-ਕੋਰੋਨਾ ਮਹਾਮਾਰੀ ਦੌਰਾਨ ਬੀਤੇ ਹਫਤੇ ਤੋਂ ਚਰਚਿਤ ਨਵੇਂ ਸਰੂਪ (ਓਮੀਕਰੋਨ) ਦੇ ਫੈਲਣ ਤੋਂ ਬਚਾਅ ਲਈ ਕੈਨੇਡਾ ਦੀ ਸਰਕਾਰ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਿਰਾਂ ਉਪਰ ਕੁਝ ਨਵੀਆਂ ਪਾਬੰਦੀਆਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਦੱਖਣੀ ਅਫਰੀਕਾ ਸਮੇਤ ਖਿੱਤੇ ਦੇ 7 ਦੇਸ਼ਾਂ ਤੋਂ ਬਾਅਦ ਹੁਣ ਉਸ ਮਹਾਦੀਪ ਦੇ ਉੱਤਰ-ਪੂਰਬ, ਦੱਖਣ-ਪੂਰਬ ਅਤੇ ਮੱਧ-ਪੱਛਮੀ ਇਲਾਕਿਆਂ ’ਚ ਸਥਿਤ ਤਿੰਨ ਹੋਰ ਦੇਸ਼ਾਂ (ਮਿਸਰ, ਨਾਈਜੀਰੀਆ ਤੇ ਮਲਾਵੀ) ਤੋਂ ਕੈਨੇਡਾ ਆਉਣ ਵਾਲੇ ਅਤੇ ਸਫਰ ਸ਼ੁਰੂ ਕਰਨ ਤੋਂ 14 ਦਿਨ ਪਹਿਲਾਂ ਉਨ੍ਹਾਂ ਦੇਸ਼ਾਂ ’ਚ ਜਾਣ ਵਾਲੇ ਲੋਕਾਂ ਦੇ ਦੇਸ਼ ’ਚ ਦਾਖਲੇ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।¿;
ਨਵੀਆਂ ਪਾਬੰਦੀਆਂ ’ਚ ਅਮਰੀਕਾ ਤੋਂ ਆਉਣ ਵਾਲੇ (ਉਥੋਂ ਦੇ ਨਾਗਰਿਕ ਜਾਂ ਪੱਕੇ ਵਾਸੀਆਂ ਨੂੰ ਨਵੀਆਂ ਪਾਬੰਦੀਆਂ) ਤੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਰਾਜਧਾਨੀ ਓਟਾਵਾ ਵਿਖੇ ਸਿਹਤ ਮੰਤਰੀ ਜੀਨ ਇਵੇਸ ਡੁਕਲਸ ਨੇ ਕਿਹਾ ਕਿ ਅਮਰੀਕਾ ਵਾਸੀਆਂ ਤੋਂ ਇਲਾਵਾ, ਵਿਦੇਸ਼ਾਂ ਤੋਂ ਆੳਣ ਵਾਲੇ ਮੁਸਾਫਿਰਾਂ ਦਾ ਕੈਨੇਡਾ ਦੇ ਉਸੇ ਅੰਤਰਾਰਾਸ਼ਟਰੀ ਹਵਾਈ ਦੇ ਅੰਦਰ ਕੋਰੋਨਾ ਵਾਇਰਸ ਟੈਸਟ ਕੀਤਾ ਜਾਵੇਗਾ, ਜਿੱਥੇ ਉਹ ਸਭ ਤੋਂ ਪਹਿਲਾਂ ਪੁੱਜਣਗੇ। ਇਹ ਵੀ ਕਿ ਟੈਸਟ ਦੀ ਰਿਪੋਰਟ ਆ ਜਾਣ ਤੱਕ ਹਰੇਕ ਮੁਸਾਫਿਰ ਨੂੰ ਇਕਾਂਤਵਾਸ ’ਚ ਰਹਿਣਾ ਪਵੇਗਾ।¿;
ਮੰਤਰੀ ਡੁਕਲਸ ਕਿਹਾ ਕਿ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਟੈਸਟ ਕਰਾਉਣ ਤੋਂ ਛੋਟ ਨਹੀਂ ਹੈ। ਵਿਦੇਸ਼ਾਂ ਤੋਂ ਕੈਨੇਡਾ ਵਾਪਸ ਮੁੜ ਰਹੇ ਕੈਨੇਡੀਅਨ ਨਾਗਰਿਕ ਅਤੇ ਪੱਕੇ ਵਾਸੀ (ਪੀ.ਆਰ.) ਜਿਨ੍ਹਾਂ ਨੇ ਟੀਕਾਕਰਨ ਅਜੇ ਨਹੀਂ ਕਰਵਾਇਆ, ਉਨ੍ਹਾਂ ਨੂੰ ਕੋਵਿਡ ਟੈਸਟ ਕਰਵਾਉਣ ਦੇ ਨਾਲ ਹੀ ਸਰਕਾਰੀ ਦੇਖ-ਰੇਖ ਹੇਠ ਇਕਾਂਤਵਾਸ ’ਚ ਰਹਿਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੋਵਿਡ ਤੋਂ ਬਚਾਅ ਦਾ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ ਬੀਤੀ 30 ਨਵੰਬਰ ਤੋਂ ਕੈਨੇਡਾ ਅੰਦਰ (ਘਰੇਲੂ) ਉਡਾਨਾਂ ਜਾਂ ਰੇਲਗੱਡੀਆਂ ਰਾਹੀਂ ਸਫਰ ਕਰਨ ਦੀ ਮਨਾਹੀ ਵੀ ਲਾਗੂ ਕਰ ਦਿੱਤੀ ਗਈ ਹੈ।¿;
ਦੇਸ਼ ਦੇ ਆਵਾਜਾਈ ਮੰਤਰੀ ਓਮਾਰ ਅਲਗਬਰਾ ਨੇ ਕਿਹਾ ਕਿ ਸਥਿਤੀ ਉਪਰ ਨਜ਼ਰ ਰੱਖਣ ਲਈ ਨਵੀਆਂ ਪਾਬੰਦੀਆਂ ਅਸਰਦਾਰ ਤਰੀਕੇ ਨਾਲ਼ ਲਾਗੂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਾਸਤੇ ਹਵਾਈ ਅੱਡਿਆਂ ਅੰਦਰ ਬੰਦੋਬਸਤ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਕਾਰਨ ਸੰਸਾਰ ’ਚ ਬਦਲ ਰਹੀਆਂ ਪ੍ਰਸਥਿਤੀਆਂ ਕਰਕੇ ਪਾਬੰਦੀਆਂ ਸਖਤ ਕਰਨ ਦੀ ਜ਼ਰੂਰਤ ਵੀ ਪੈ ਸਕਦੀ ਹੈ, ਜਿਸ ਕਰਕੇ ਕੈਨੇਡਾ ਵਾਸੀ ਲੋਕ ਦੇਸ਼ ’ਚੋਂ ਬਾਹਰ ਸੋਚ-ਵਿਚਾਰ ਮਗਰੋਂ ਹੀ ਜਾਣ। ਸੰਸਾਰ ਸਿਹਤ ਸੰਗਠਨ ਦੇ ਅਧਿਕਾਰੀਆਂ ਵਲੋਂ ਮੌਜੂਦਾ ਸਮੇਂ ਦੌਰਾਨ ਲੋਕਾਂ ਨੂੰ , ਖਾਸ ਤੌਰ ’ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸਫ਼ਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਓਨਟਾਰੀਓ, ਕਿਊਬਕ, ਬਿ੍ਰਟਿਸ਼ ਕੋਲੰਬੀਆ ਅਤੇ ਅਲਬਰਟਾ ’ਚ ਕੋਵਿਡ-ਓਮੀਕਰੋਨ ਦੇ ਪੌਣੀ ਦਰਜਨ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।