ਓਮੀਕਰੋਨ ਤੋਂ ਸੁਰੱਖਿਆ ਲਈ ਕੌਮਾਂਤਰੀ ਯਾਤਰੀਆਂ ਲਈ ਜਾਰੀ ਨਵੇਂ ਸਖ਼ਤ ਨਿਯਮ ਅਮਲ ’ਚ ਆਏ

185
Share

-ਦੇਸ਼ ’ਚ ਕਰੋਨਾ ਕੰਟੇਨਮੈਂਟ ਪਾਬੰਦੀਆਂ 31 ਦਸੰਬਰ ਤੱਕ ਵਧਾਈਆਂ
ਨਵੀਂ ਦਿੱਲੀ, 1 ਦਸੰਬਰ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਕੋਵਿਡ-19 ਦੇ ਨਵੇਂ ਸਰੂਪ ਓਮੀਕਰੋਨ ਤੋਂ ਸੁਰੱਖਿਆ ਲਈ ਇਹਤਿਆਤ ਵਜੋਂ ਦੇਸ਼ ’ਚ ਕਰੋਨਾ ਕੰਟੇਨਮੈਂਟ ਪਾਬੰਦੀਆਂ 31 ਦਸੰਬਰ ਤੱਕ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਕਰੋਨਾਵਾਇਰਸ ਦੇ ਇਸ ਨਵੇਂ ਸਰੂਪ ਤੋਂ ਬਚਾਅ ਲਈ ਬੀਤੇ ਦਿਨੀਂ ਕੌਮਾਂਤਰੀ ਯਾਤਰੀਆਂ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਨੇਮ ਮੰਗਲਵਾਰ ਰਾਤ ਤੋਂ ਅਮਲ ਵਿਚ ਆ ਗਏ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸੂਬਿਆਂ ਤੇ ਯੂਟੀਜ਼ ਨੂੰ 25 ਨਵੰਬਰ ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਰਾਜਾਂ ਨੂੰ ਕੌਮਾਂਤਰੀ ਯਾਤਰੀਆਂ ਦੀ ਸਖ਼ਤੀ ਨਾਲ ਸਕਰੀਨਿੰਗ ਤੇ ਟੈਸਟਿੰਗ ਦੀ ਸਿਫ਼ਾਰਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਯਾਤਰੀਆਂ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਦੀ ਵੀ ਜਾਂਚ ਤੇ ਟੈਸਟਿੰਗ ਕੀਤੀ ਜਾਵੇ, ਜਦਕਿ ਪਾਜ਼ੀਟਿਵ ਮਿਲਣ ਵਾਲੇ ਯਾਤਰੀਆਂ ਦੇ ਸੈਂਪਲ ਜਲਦੀ ਤੋਂ ਜਲਦੀ ਜੀਨੋਮ ਸੀਕੁਐਂਸਿੰਗ ਲੈਬਾਰਟਰੀਆਂ ਨੂੰ ਭੇਜੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦੇ ਨਿਗਰਾਨ ਅਧਿਕਾਰੀ ਸਬੰਧਤ ਲੈਬਾਰਟਰੀਆਂ ਨਾਲ ਨੇੜਿਓਂ ਸਹਿਯੋਗ ਬਣਾ ਕੇ ਰੱਖਣ ਤੇ ਸਬੰਧਤ ਸਰੂਪ ਦੀ ਪੁਸ਼ਟੀ ਦੇ ਮਾਮਲੇ ’ਚ ਤੁਰੰਤ ਸੂਬੇ ਤੇ ਯੂਟੀਜ਼ ਜਨਤਕ ਪੱਧਰ ’ਤੇ ਲੋੜੀਂਦੇ ਕਦਮ ਚੁੱਕਣ। ਇਸ ਦੌਰਾਨ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੈਸਟਿੰਗ ਵਧਾਉਣ, ਕੌਮਾਂਤਰੀ ਯਾਤਰੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਜਾਂਚ ਕਰਨ ਅਤੇ ਮੁੱਖ ਕੇਂਦਰਾਂ ਦੀ ਸਖ਼ਤੀ ਨਾਲ ਨਿਗਰਾਨੀ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਾਰਸ-ਕੋਵ-2 ਦੇ ਓਮੀਕਰੋਨ ਵੇਰੀਐਂਟ ਦੀ ਪਛਾਣ ਆਰ.ਟੀ.-ਪੀ.ਸੀ.ਆਰ. ਤੇ ਆਰ.ਏ.ਟੀ. ਟੈਸਟਾਂ ਰਾਹੀਂ ਆਸਾਨੀ ਨਾਲ ਸੰਭਵ ਹੈ।

Share