ਓਮੀਕਰੋਨ ਤੋਂ ਪ੍ਰਭਾਵਿਤ ਮਰੀਜ਼ਾਂ ’ਚ ਹਲਕੇ ਲੱਛਣ ਪਾਏ ਗਏ : ਸੀ.ਡੀ.ਸੀ.

257
Share

* 80% ਮਾਮਲੇ ਟੀਕਾਕਰਣ ਕਰਵਾ ਚੁੱਕੇ ਲੋਕਾਂ ਵਿਚ ਮਿਲੇ
* ਕੇਵਲ ਇਕ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਪਈ
ਸੈਕਰਾਮੈਂਟੋ, 12 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ‘‘ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’’ (ਸੀ.ਡੀ.ਸੀ.) ਨੇ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਹੁਣ ਤੱਕ ਆਏ ਮਾਮਲਿਆਂ ਬਾਰੇ ਦੱਸਦਿਆਂ ਕਿਹਾ ਹੈ ਕਿ ਜ਼ਿਆਦਾਤਾਰ ਮਾਮਲੇ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਲੋਕਾਂ ’ਚ ਪਾਏ ਗਏ ਹਨ ਤੇ ਇਨ੍ਹਾਂ ਲੋਕਾਂ ਵਿਚ ਹਲਕੇ ਲੱਛਣ ਵੇਖਣ ਨੂੰ ਮਿਲੇ ਹਨ। ਸੀ.ਡੀ.ਸੀ. ਦੇ ਡਾਇਰੈਕਟਰ ਡਾਕਟਰ ਰੋਚੈਲ ਵਾਲੇਂਸਕੀ ਨੇ ਵਾਇਟ ਹਾਊਸ ਵਿਖੇ ਦੁਪਹਿਰ ਬਾਅਦ ਓਮੀਕਰੋਨ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਇਰਸ ਤੋਂ ਤਕਰੀਬਨ 80% ਉਹ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੇ ਕੋਰੋਨਾ ਤੋਂ ਬਚਾਅ ਲਈ ਮੁਕੰਮਲ ਵੈਕਸੀਨ ਲਵਾਈ ਹੋਈ ਹੈ। ਇਨ੍ਹਾਂ ਲੋਕਾਂ ’ਚ ਓਮੀਕਰੋਨ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ, ਇਸ ਲਈ ਇਨ੍ਹਾਂ ਵਿਚ ਮਾਮੂਲੀ ਲੱਛਣ ਹੀ ਵੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਓਮੀਕਰੋਨ ਤੋਂ ਪ੍ਰਭਾਵਿਤ ਕੇਵਲ ਇਕ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਓਮੀਕਰੋਨ ਤੋਂ ਪ੍ਰਭਾਵਿਤ ਲੋਕਾਂ ’ਚ 18 ਤੋਂ 39 ਸਾਲ ਦੇ ਲੋਕ ਸ਼ਾਮਲ ਹਨ ਤੇ ਇਨ੍ਹਾਂ ਵਿਚੋਂ ਇਕ ਤਿਹਾਈ ਲੋਕ ਦੂਸਰੇ ਦੇਸ਼ਾਂ ਵਿਚੋਂ ਮੁੜੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤੱਕ ਅਮਰੀਕਾ ਦੇ 25 ਰਾਜਾਂ ਵਿਚ ਓਮੀਕਰੋਨ ਦੇ ਮਾਮਲੇ ਮਿਲੇ ਹਨ। ਸੀ.ਡੀ.ਸੀ. ਵੱਲੋਂ ਓਮੀਕਰੋਨ ਤੋਂ ਬਚਾਅ ਲਈ ਵੈਕਸੀਨ ਦੀ ਤੀਸਰੀ ਬੂਸਟਰ ਖੁਰਾਕ ਲੈਣ ਲਈ ਕਿਹਾ ਗਿਆ ਹੈ। ਵਾਲੇਂਸਕੀ ਨੇ ਕਿਹਾ ਕਿ ਓਮੀਕਰੋਨ ਦੇ 14 ਮਾਮਲੇ ਬੂਸਟਰ ਵੈਕਸੀਨ ਲਵਾ ਚੁੱਕੇ ਲੋਕਾਂ ਵਿਚ ਵੀ ਮਿਲੇ ਹਨ ਪਰੰਤੂ ਇਨ੍ਹਾਂ ਨੇ ਹਾਲ ਹੀ ਵਿਚ ਬੂਸਟਰ ਵੈਕਸੀਨ ਲਵਾਈ ਹੈ। ਇਸ ਲਈ ਹੋ ਸਕਦਾ ਹੈ ਕਿ ਇਸ ਨੇ ਅਜੇ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ‘‘ਹਾਲਾਂਕਿ ਸਾਡੇ ਕੋਲ ਓਮੀਕਰੋਨ ਬਾਰੇ ਹਰ ਸਵਾਲ ਦਾ ਜਵਾਬ ਨਹੀਂ ਹੈ ਪਰੰਤੂ ਆਰੰਭਿਕ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕੋਵਿਡ-19 ਬੂਸਟਰ ਖੁਰਾਕ ਇਸ ਵਾਇਰਸ ਵਿਰੁੱਧ ਵਧੇਰੇ ਕਾਰਗਰ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵੇਲੇ ਅਮਰੀਕਾ ’ਚ ਤਕਰੀਬਨ 99% ਮਾਮਲੇ ਡੈਲਟਾ ਵਾਇਰਸ ਦੇ ਹਨ।

Share