ਓਮੀਕਰੋਨ ’ਚ ਫੈਲਣ ਦੀ ਅਦਭੁੱਤ ਸਮਰੱਥਾ : ਡਾ ਫੌਸੀ

269
Share

* ਕਿਹਾ; ਅਮਰੀਕਾ ਵਿਚ ਕੁੱਲ ਕੋਵਿਡ ਮਾਮਲਿਆਂ ’ਚ ਉਮੀਕਰੋਨ ਦਾ ਹਿੱਸਾ 3%
ਸੈਕਰਾਮੈਂਟੋ, 20 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਲਾਗ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਐਨਥਨੀ ਫੌਸੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਰੂਪ ਵਿਸ਼ਵ ਭਰ ’ਚ ਫੈਲ ਰਿਹਾ ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਓਮੀਕਰੋਨ ਮੌਜੂਦਾ ਕੋਰੋਨਾ ਵਾਇਰਸ ਦੀ ਥਾਂ ਲੈ ਸਕਦਾ ਹੈ। ਉਨ੍ਹਾਂ ਮੀਟ ਦਾ ਪ੍ਰੈੱਸ ਪ੍ਰੋਗਰਾਮ ਦੌਰਾਨ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ 89 ਦੇਸ਼ਾਂ ਵਿਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਉਣ ਦੀ ਗੱਲ ਕਹੀ ਹੈ ਤੇ ਓਮੀਕਰੋਨ ਦੇ ਮਾਮਲੇ ਡੇਢ ਤੋਂ ਤਿੰਨ ਦਿਨਾਂ ਦੇ ਵਿਚ ਦੁੱਗਣੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘‘ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਓਮੀਕਰੋਨ ਵਾਇਰਸ ’ਚ ਫੈਲਣ ਦੀ ਅਦਭੁੱਤ ਸਮਰਥਾ ਹੈ। ਇਹ ਪੂਰੇ ਵਿਸ਼ਵ ਵਿਚ ਆਪਣੇ ਪੈਰ ਪਸਾਰ ਰਿਹਾ ਹੈ। ਅਮਰੀਕਾ ’ਚ ਕੁੱਲ ਕੋਰੋਨਾ ਮਾਮਲਿਆਂ ’ਚ ਓਮੀਕਰੋਨ ਦਾ ਹਿੱਸਾ 3% ਹੋ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿਚ ਤਾਂ ਓਮੀਕਰੋਨ ਦੇ ਮਾਮਲੇ 50% ਤੱਕ ਪੁੱਜ ਗਏ ਹਨ।’’ ਉਨ੍ਹਾਂ ਕਿਹਾ ਕਿ ਜੇਕਰ ਓਮੀਕਰੋਨ ਪ੍ਰਮੁੱਖ ਵਾਇਰਸ ਦੇ ਰੂਪ ਵਿਚ ਆਪਣੀ ਥਾਂ ਬਣਾ ਲੈਂਦਾ ਹੈ, ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਡਾਕਟਰ ਫੌਸੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕੀਆਂ ਨੇ ਕੋਵਿਡ-19 ਮਾਮਲੇ ਵਿਚ ਅਣਗਹਿਲੀ ਵਰਤੀ ਤੇ ਬਚਾਅ ਲਈ ਪਰਹੇਜ਼ ਨਾ ਕੀਤਾ, ਤਾਂ ਰੋਜਾਨਾ 10 ਲੱਖ ਤੱਕ ਮਾਮਲੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਹਾਲਤ ’ਚ ਸੁਰੱਖਿਅਤ ਉਪਾਵਾਂ ਤੋਂ ਮੂੰਹ ਨਹੀਂ ਮੋੜ ਸਕਦੇ, ਜੇਕਰ ਅਜਿਹਾ ਹੋਇਆ ਤਾਂ ਸਾਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।

Share