ਓਨਟਾਰੀਓ ’ਚ ਸਟਾਫ ਦੀ ਭਾਰੀ ਕਿੱਲਤ ਨਾਲ ਨਜਿੱਠਣ ਲਈ ਵਿਦੇਸ਼ੀ ਨਰਸਾਂ ਨੂੰ ਭਰਤੀ ਕਰਨ ਦਾ ਐਲਾਨ

132
Share

ਟੋਰਾਂਟੋ, 19 ਜਨਵਰੀ (ਪੰਜਾਬ ਮੇਲ)-ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੈਨੇਡਾ ਦੇ ਸਾਰੇ ਰਾਜਾਂ ’ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹਸਪਤਾਲ ਭਰ ਰਹੇ ਹਨ। ਅਜਿਹੇ ’ਚ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਟਾਫ ਦੀ ਭਾਰੀ ਕਿੱਲਤ ਮਹਿਸੂਸ ਹੋ ਰਹੀ ਹੈ ਤੇ ਸਟਾਫ ਮੈਂਬਰ ਵੀ ਬਿਮਾਰ ਵੀ ਹੋ ਰਹੇ ਹਨ। ਓਨਟਾਰੀਓ ਦੀ ਸਿਹਤ ਮੰਤਰੀ ਕਿ੍ਰਸਟੀਨ ਏਲੀਅਨ ਨੇ ਇਸ ਕਿੱਲਤ ਨਾਲ ਨਜਿੱਠਣ ਲਈ ਵਿਦੇਸ਼ਾਂ ਤੋਂ ਨਰਸਾਂ ਨੂੰ ਭਰਤੀ ਕਰਨ ਦਾ ਐਲਾਨ ਕੀਤਾ ਹੈ। ਬਰੈਂਪਟਨ ’ਚ ਜਨਤਕ ਹਸਪਤਾਲ ਦੇ ਮੁੱਖ ਸੰਚਾਲਕ ਡਾਕਟਰ ਨਵੀਦ ਮੁਹੰਮਦ ਨੇ ਦੱਸਿਆ ਕਿ ਸਟਾਫ ਦੀ ਘਾਟ ਪੂਰੀ ਕਰਨ ਲਈ ਸੀਨੀਅਰ ਨਰਸਾਂ ਦੀ ਦੇਖਰੇਖ ਹੇਠ ਵਿਦੇਸ਼ਾਂ ਤੋਂ ਸਿੱਖਿਅਤ ਨਰਸਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਕੈਨੇਡਾ ’ਚ ਵਿਦੇਸ਼ਾਂ ਤੋਂ ਪੜ੍ਹੇ ਅਤੇ ਸਿੱਖਿਅਤ ਕਿਸੇ ਕਿੱਤੇ ਦੇ ਮਾਹਿਰਾਂ ਨੂੰ ਕੈਨੇਡਾ ਪਹੁੰਚ ਕੇ ਉਥੋਂ ਦੇ ਸਟੈਂਡਰਡ ਮੁਤਾਬਿਕ ਅਕਸਰ ਹੋਰ ਪੜ੍ਹਨਾ ਪੈਂਦਾ ਹੈ ਅਤੇ ਇਮਿਤਿਹਾਨ ਪਾਸ ਕਰਨੇ ਪੈਂਦੇ ਹਨ। ਮੈਡੀਕਲ ਦੇ ਮਾਹਰਾਂ, ਡਾਕਟਰਾਂ ਅਤੇ ਨਰਸਾਂ ਨੂੰ ਵੀ ਕੈਨੇਡਾ ’ਚ ਪ੍ਰਾਂਤਕ ਪੱਧਰ ਦੀਆਂ ਪ੍ਰੀਖਿਆਵਾਂ ’ਚੋਂ ਲੰਘਦਿਆਂ ਆਮ ਤੌਰ ’ਤੇ ਕਈ ਸਾਲ ਲੱਗ ਜਾਂਦੇ ਹਨ ਅਤੇ ਬਹੁਤ ਸਾਰੇ ਪ੍ਰਵਾਸੀ ਤਾਂ ਉਸ ਮਿਆਰ ਨੂੰ ਪੂਰਾ ਨਾ ਕਰ ਸਕਣ ਕਾਰਨ ਹੋਰ ਕਾਰੋਬਾਰ ਜਾਂ ਕਿੱਤੇ ’ਚ ਕੰਮ ਕਰਨ ਲਈ ਮਜ਼ਬੂਰ ਵੀ ਹੋ ਜਾਂਦੇ/ਜਾਂਦੀਆਂ ਹਨ। ਕੋਵਿਡ ਕਾਰਨ ਪੈਦਾ ਹੋਈ ਸਥਿਤੀ ’ਚ ਓਨਟਾਰੀਓ ਸਰਕਾਰ ਨੇ ਨਿਯਮਾਂ ਨੂੰ ਆਰਜੀ ਤੌਰ ’ਤੇ ਸੌਖੇ ਕਰਨ ਦਾ ਫੈਸਲਾ ਕੀਤਾ ਹੈ।

Share