-ਭਾਰਤੀ ਵਿਦਿਆਰਥੀ ਹੋਣਗੇ ਸਭ ਤੋਂ ਜ਼ਿਆਦਾ ਪ੍ਰਭਾਵਿਤ
ਟੋਰੰਟੋ, 1 ਮਈ (ਪੰਜਾਬ ਮੇਲ)- ਕਰੋਨਾ ਕਾਰਨ ਕੈਨੇਡਾ ਦੇ ਸਭ ਤੋਂ ਪ੍ਰਭਾਵਿਤ ਸੂਬੇ ਓਨਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਦੀ ਮੰਗ ਕੀਤੀ ਹੈ ਤੇ ਇਸ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਮੀ ਭਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਓਨਟਾਰੀਓ ਸਰਕਾਰ ਦੀ ਬੇਨਤੀ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਓਨਟਾਰੀਓ ਵਿਚ ਪੜ੍ਹਨ ਆਉਣ ਵਾਲੇ ਬਹੁਗਿਣਤੀ ਵਿਦਿਆਰਥੀ ਭਾਰਤ ਤੋਂ ਹਨ ਤੇ ਜੇ ਇਹ ਪਾਬੰਦੀ ਲੱਗ ਗਈ, ਤਾਂ ਭਾਰਤੀ ਖਾਸ ਤੌਰ ’ਤੇ ਪੰਜਾਬੀ ਵਿਦਿਆਰਥੀਆਂ ਦਾ ਕਾਫੀ ਨੁਕਸਾਨ ਹੋਵੇਗਾ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਓਨਟਾਰੀਓ ਵਿਚ ਸਾਰੇ ਨਵੇਂ ਕੇਸਾਂ ਵਿਚੋਂ 94 ਪ੍ਰਤੀਸ਼ਤ ਵਾਇਰਸ ਦੇ ਨਵੇਂ ਰੂਪ ਹਨ, ਜੋ ਬਾਹਰੋਂ ਆ ਵਿਦਿਆਰਥੀਆਂ ਤੇ ਲੋਕਾਂ ਕਾਰਨ ਹਨ। ਇਸ ਲਈ ਉਹ ਸੰਘੀ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਉਣ ’ਤੇ ਰੋਕ ਲਗਾਉਣ ਦੀ ਅਪੀਲ ਕਰਦੇ ਹਨ।