ਓਟਾਵਾ ਸਥਿਤ ਭਾਰਤੀ ਅੰਬੈਸੀ ਮੂਹਰੇ ਕੀਤਾ ਸਿੱਖਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ

198
Share

-ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਟੈਲੀਫੋਨ ਰਾਹੀਂ ਰੈਲੀ ਨੂੰ ਕੀਤਾ ਸੰਬੋਧਨ
ਓਟਾਵਾ, 5 ਦਸੰਬਰ (ਪੰਜਾਬ ਮੇਲ)- ਭਾਰਤ ਸਰਕਾਰ ਦੀ ਬੁਰਛਗਰਦੀ ਨੇ ਦੇਸ਼-ਵਿਦੇਸ਼ ਅੰਦਰ ਆਮ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੇ ਹਰ ਸ਼ਹਿਰ ਵਿਚ ਹਰ ਰੋਜ਼ ਕਿਸਾਨੀ ਅੰਦੋਲਨ ਦੇ ਹੱਕ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੋਦੀ ਸਰਕਾਰ ਦਾ ਸਿਆਪਾ ਕੀਤਾ ਜਾ ਰਿਹਾ ਹੈ।
ਟੋਰਾਂਟੋ ਵਿਚ ਜ਼ਬਰਦਸਤ ਰੈਲੀ ਤੋਂ ਬਾਅਦ ਓਟਾਵਾ ਸਥਿਤ ਇੰਡੀਅਨ ਹਾਈ ਕਮਿਸ਼ਨਰ ਅੱਗੇ ਟੋਰਾਂਟੋ, ਓਟਾਵਾ ਅਤੇ ਮਾਂਟਰੀਅਲ ਦੇ ਪੰਜਾਬੀਆਂ ਵਲੋਂ ਜ਼ਬਰਦਸਤ ਰੈਲੀ ਕੀਤੀ ਗਈ। ਇਸ ਰੈਲੀ ਵਿਚ ਬੱਚੇ, ਬਜ਼ੁਰਗ, ਬੀਬੀਆਂ ਅਤੇ ਵਿਦਿਆਰਥੀਆਂ ਨੇ ਵੱਡੀ ਤਾਦਾਦ ‘ਚ ਹਿੱਸਾ ਲਿਆ।
ਰੈਲੀ ‘ਚ ਕਿਸਾਨਾਂ ਦਾ ਹਿੱਕ ਠੋਕ ਕੇ ਸਮਰਥਨ ਦੇਣ ਦੀ ਵਚਨਬੱਧਤਾ ਦੁਹਰਾਈ ਗਈ। ਖਾਸ ਕਰਕੇ ਨੌਜੁਆਨਾਂ ਨੇ ਇਸ ਮੌਕੇ ਅਕਾਸ਼ ਗੁੰਜਾਊ ਨਾਅਰੇਬਾਜ਼ੀ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਓਟਾਵਾ ਦੀ ਕਿਸਾਨ ਕਾਰ ਰੈਲੀ ਦਾ ਪ੍ਰਬੰਧ ਓਨਟਾਰੀਓ ਗੁਰਦੁਆਰਾ ਕਮੇਟੀ, ਵਨ ਪੰਥ (ਯੂਥ ਸੰਸਥਾ) ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ, ਸ਼ਹੀਦਗੜ੍ਹ ਗੁਰਦੁਆਰਾ ਸਾਹਿਬ, ਸਿੱਖ ਮੋਟਰ ਸਾਈਕਲ ਕਲੱਬ ਆਫ ਓਨਟਾਰੀਓ, ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਅਤੇ ਸਿੱਖ ਵਿਜ਼ਨ ਮਾਂਟਰੀਅਲ ਵਲੋਂ ਕੀਤਾ ਗਿਆ ਸੀ। ਓਟਾਵਾ ਸਿੱਖ ਸੁਸਾਇਟੀ ਨੇ ਹਰ ਵਾਰ ਵਾਂਗ ਪੂਰਾ ਸਹਿਯੋਗ ਦਿੱਤਾ। ਵੱਡੀ ਤਾਦਾਦ ਵਿਚ ਸੰਗਤ 1 ਵਜੇ ਦੇ ਕਰੀਬ ਹਾਈ ਕਮਿਸ਼ਨ ਦੇ ਮੂਹਰੇ ਇਕੱਤਰ ਹੋਣੀ ਸ਼ੁਰੂ ਹੋਈ। ਓਟਾਵਾ ਸਿੱਖ ਸੁਸਾਇਟੀ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਕਹਿੰਦਿਆਂ ਚਾਹ ਪਾਣੀ ਦਾ ਇੰਤਜ਼ਾਮ ਕੀਤਾ।
ਇਸ ਰੈਲੀ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਇਲਾਵਾ ਕੈਨੇਡਾ ਦੇ ਨੈਸ਼ਨਲ ਆਗੂ ਐੱਨ.ਡੀ.ਪੀ. ਦੇ ਲੀਡਰ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਰਨ ਓ ਟੂਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਪਰਮਿੰਦਰ ਸਿੰਘ ਪਾਂਗਲੀ ਅਤੇ ਪ੍ਰਭ ਸਰਵਣ ਸਿੰਘ ਦੇ ਸਹਿਯੋਗ ਸਦਕਾ ਦਿੱਲੀ ਧਰਨੇ ‘ਚੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਟੈਲੀਫੋਨ ਰਾਹੀਂ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਮੁਜ਼ਾਹਰਾਕਾਰੀਆਂ ਦਾ ਧੰਨਵਾਦ ਕਰਦਿਆਂ ਭਾਰਤ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਖੁੱਲ੍ਹ ਕੇ ਜ਼ਿਕਰ ਕੀਤਾ।
ਇਸ ਮੌਕੇ ਇੱਕ ਤੋਂ ਇੱਕ ਬੁਲਾਰਿਆਂ ਨੇ ਹਰਿਆਣਾ ਦੀ ਖੱਟਰ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਹੁਣ ਤੱਕ ਖੱਟਰ ਨੇ ਬਾਦਲ ਅਤੇ ਕੈਪਟਨ ਹੀ ਵੇਖੇ ਸਨ ਪਰ ਪੰਜਾਬ ਦੇ ਅਸਲੀ ਵਾਰਿਸਾਂ ਨਾਲ ਪਹਿਲਾਂ ਵਾਰ ਪੇਚਾ ਪਿਆ ਸੀ, ਅਗਲਿਆਂ ਸਭ ਕੁੱਝ ਖਿਲਾਰ ਕੇ ਰੱਖ ਦਿੱਤਾ ਹੈ। ਇਸ ਤੋਂ ਮੋਦੀ ਨੂੰ ਸਮਝ ਆ ਜਾਣੀ ਚਾਹੀਦੀ ਹੈ। ਇਸ ਮੌਕੇ ਮੋਦੀ ਸਰਕਾਰ ਨੂੰ ਸੰਬੋਧਨ ਹੁੰਦਿਆਂ ਬੁਲਾਰਿਆਂ ਨੇ ਕਿਹਾ ਕਿ ਆਹ ਟਰੈਕਟਰ ਟਰਾਲੀਆਂ ਤੇ ਬਾਦਲ, ਕੈਪਟਨ ਜਾਂ ਭਗਵੰਤ ਮਾਨ ਨਹੀਂ ਕਿ ਇਹ ਜੁਮਲੇ ਸੁਣਾ ਤੇ ਚਲੇ ਜਾਣਗੇ, ਇਹ ਸਰਦਾਰ ਬਘੇਲ ਸਿੰਘ ਦੇ ਵਾਰਿਸ ਆ, ਦਿੱਲੀ ਦੇ ਕਿੰਗਰੇ ਢਾਹ ਕੇ ਹੀ ਵਾਪਿਸ ਮੁੜਨਗੇ।
ਲਖਵਿੰਦਰ ਸਿੰਘ ਧਾਲੀਵਾਲ ਸਿੱਖ ਮੋਟਰ ਸਾਈਕਲ ਕਲੱਬ ਦੇ ਪ੍ਰਧਾਨ ਨੇ ਆਪਣੇ ਵਿਚਾਰਾਂ ਵਿਚ ਕਿਸਾਨ ਅੰਦੋਲਨ ਦਾ ਸਮਰਥਨ ਦਿੰਦਿਆਂ ਕਿਹਾ ਕਿ ਦਰਅਸਲ ਇਹ ਮੁੱਦਾ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਜਿਉਂ ਹੀ ਧਾਲੀਵਾਲ ਨੇ ਆਜ਼ਾਦੀ ਦੀ ਗੱਲ ਕੀਤੀ, ਤਾਂ ਮੁਜ਼ਾਹਰਾਕਾਰੀਆਂ ਨੇ ਆਜ਼ਾਦੀ ਜਿੰਦਾਬਾਦ ਦੇ ਨਾਹਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।
ਓਨਟਾਰੀਓ ਗੁਰਦੁਆਰਾ ਕਮੇਟੀ ਦੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਬੜੀ ਤਿੱਖੀ ਸੁਰ ਵਿਚ ਕਿਹਾ ਕਿ ਪਿਛਲੇ 73 ਸਾਲਾਂ ਤੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਨੂੰ ਹਰ ਸਿੱਖ ਆਪਣੇ ਹਿਰਦੇ ਅੰਦਰ ਸਮੋਈ ਬੈਠਾ ਹੈ ਤੇ ਇਹ ਕਿਸਾਨ ਅੰਦੋਲਨ ਦੇ ਰੂਪ ਵਿਚ 7 ਦਹਾਕਿਆਂ ਦੇ ਗੁੱਸੇ ਦਾ ਗੁਬਾਰ ਨਿਕਲ ਰਿਹਾ ਹੈ।
ਮਾਂਟਰੀਅਲ ਤੋਂ ਸਿੱਖ ਵਿਜ਼ਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਆਪਣੇ ਕਾਵਿ ਅੰਦਾਜ਼ ਵਿਚ ਮੋਦੀ ਸਰਕਾਰ ਨੂੰ ਲਾਹਣਤਾਂ ਪਾਈਆਂ।
ਗੁਰਦੁਆਰਾ ਜੋਤ ਪ੍ਰਕਾਸ਼ ਤੋਂ ਭਗਤ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੱਕੇਸ਼ਾਹੀ ਨੂੰ ਨਾਗਪੁਰ ਨਾਲ ਜੋੜਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ‘ਤੇ ਰਾਜ ਕਰਨ ਵਾਲੇ ਨਾਗਪੁਰੀ ਸੋਚ ਦੇ ਧਾਰਨੀ ਨਹੀਂ ਹੋ ਸਕਦੇ। ਪੰਜਾਬ ਦਾ ਨੌਜੁਆਨ ਜਾਗ ਪਿਆ ਹੈ, ਜੋ ਰਵਾਇਤੀ ਸਿਆਸਤ ਨੂੰ ਸਮਾਪਤ ਕਰਕੇ ਹੀ ਦਮ ਲਵੇਗਾ।
ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ 551 ਸਾਲ ਪਹਿਲਾਂ ਅਵਤਾਰ ਧਾਰ ਕੇ ਸੰਸਾਰ ਦੇ ਲੋਕਾਂ ਨੂੰ ਬਾਬਰ ਨੂੰ ਜਾਬਰ ਕਹਿਣ ਦਾ ਫਲਸਫਾ ਦਿੱਤਾ ਸੀ। ਇਸ ਹਫਤੇ ਜਦੋਂ ਮੈਂ ਹਰਿਆਣੇ ਦੀਆਂ ਹੱਦਾਂ ‘ਤੇ ਖੜ੍ਹੇ ਪੰਜਾਬ ਦੇ ਪੁੱਤ ਖੱਟਰ ਸਰਕਾਰ ਨੂੰ ਲਲਕਾਰ ਰਹੇ ਸਨ, ਤਾਂ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਪਹਿਰਾ ਦਿੰਦੇ ਨਜ਼ਰ ਆ ਰਹੇ ਸਨ ਕਿ ਕਿਵੇਂ ਬਾਬੇ ਨਾਨਕ ਦਾ ਪਰਿਵਾਰ ਅਜੋਕੇ ਬਾਬਰਾਂ ਨੂੰ ਲਲਕਾਰ ਰਿਹਾ ਹੈ।
ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਨੂੰ ਓਟਾਵਾ ਸਿੱਖ ਸੁਸਾਇਟੀ ਦੇ ਪ੍ਰਧਾਨ ਭਗਤ ਸਿੰਘ ਭੰਡਾਲ, ਬਰੈਂਪਟਨ ਦੇ ਸਿਟੀ ਕੌਂਸਲਰ ਹਰਕੀਰਤ ਸਿੰਘ, ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਕਿਊਬਕ ਦੇ ਪ੍ਰਧਾਨ ਮਨਵੀਰ ਸਿੰਘ ਮਾਂਟਰੀਅਲ, ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ, ਪ੍ਰਭ ਸਰਵਣ ਸਿੰਘ ਅਤੇ ਨੌਜੁਆਨ ਆਗੂ ਜੋਬਨਜੀਤ ਸਿੰਘ ਦੇ ਨਾਮ ਵਰਨਣਯੋਗ ਹਨ। ਸਟੇਜ ਦੀ ਕਾਰਵਾਈ ਭਗਤ ਸਿੰਘ ਬਰਾੜ ਨੇ ਨਿਭਾਈ।
ਇਸ ਰੈਲੀ ਨੂੰ ਆਯੋਜਕ ਭਗਤ ਸਿੰਘ ਬਰਾੜ, ਲਖਵਿੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਹੰਸਰਾ, ਜਸਦੀਪ ਸਿੰਘ ਹੰਸਰਾ ਅਤੇ ਮਾਂਟਰੀਅਲ ਤੋਂ ਮਨਵੀਰ ਸਿੰਘ ਅਤੇ ਪਰਮਿੰਦਰ ਸਿੰਘ ਦਾ ਯੋਗਦਾਨ ਸੀ।


Share