ਓਕਲੈਂਡ ’ਚ ਹਮਲੇ ਤੋਂ ਬਾਅਦ ਏਸ਼ੀਅਨ ਅਮਰੀਕੀ ਵਿਅਕਤੀ ਦੀ ਮੌਤ

388
Share

-ਹਮਲੇ ਦਾ ਸ਼ੱਕੀ ਵਿਅਕਤੀ ਗਿ੍ਰਫ਼ਤਾਰ
ਫਰਿਜ਼ਨੋ, 13 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ’ਚ ਏਸ਼ੀਅਨ-ਅਮਰੀਕੀ ਲੋਕਾਂ ਉੱਪਰ ਹੁੰਦੇ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਕੈਲੀਫੋਰਨੀਆ ਦੇ ਓਕਲੈਂਡ ’ਚ ਇੱਕ 75 ਸਾਲਾ ਏਸ਼ੀਅਨ ਅਮਰੀਕੀ ਵਿਅਕਤੀ ’ਤੇ ਹਮਲਾ ਕਰਕੇ ਉਸ ਨੂੰ ਲੁੱਟ ਲਿਆ ਗਿਆ ਅਤੇ ਇਸ ਸੰਬੰਧੀ ਪੁਲਿਸ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਹਮਲੇ ਦੇ ਪੀੜਤ ਦੀ ਇੱਕ ਸਥਾਨਕ ਹਸਪਤਾਲ ’ਚ ਮੌਤ ਹੋ ਗਈ ਹੈ। ਓਕਲੈਂਡ ਪੁਲਿਸ ਵਿਭਾਗ ਦੇ ਅਨੁਸਾਰ ਇਸ ਹਮਲੇ ਦਾ ਸ਼ੱਕੀ ਵਿਅਕਤੀ, ਜਿਸਦੀ ਪਛਾਣ ਟਿਉਨਟ ਬੈਲੀ ਵਜੋਂ ਕੀਤੀ ਗਈ ਹੈ, ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਅਲਾਮੇਡਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫਤਰ ਨੇ ਵੀਰਵਾਰ ਨੂੰ ਬੈਲੀ ਖ਼ਿਲਾਫ਼ ਕਤਲ ਦੇ ਦੋਸ਼ ਲਾਏ ਹਨ ਅਤੇ ਪੁਲਿਸ ਅਨੁਸਾਰ ਬੈਲੀ ਨੇ ਬਜ਼ੁਰਗ ਏਸ਼ੀਅਨ ਲੋਕਾਂ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਹੈ। ਪੁਲਿਸ ਦੇ ਅਨੁਸਾਰ ਇਸ ਮਾਮਲੇ ਵਿਚ ਪੀੜਤ ਗਲੀ ਵਿਚ ਜਾ ਰਿਹਾ ਸੀ, ਜਿਸ ਦੌਰਾਨ ਹਮਲਾਵਰ ਪੀੜਤ ਬਜ਼ੁਰਗ ਕੋਲ ਪਹੁੰਚਿਆ ਅਤੇ ਉਸਨੂੰ ਧੱਕਾ ਦੇ ਕੇ ਜ਼ਮੀਨ ’ਤੇ ਸੁੱਟ ਦਿੱਤਾ। ਹਾਲਾਂਕਿ ਹਮਲੇ ਦੇ ਸੰਬੰਧ ਵਿਚ ਜਾਂਚ ਜਾਰੀ ਹੈ। ਸਟਾਪ ਏ.ਏ.ਪੀ.ਆਈ. ਹੇਟ ਗੱਠਜੋੜ ਦੇ ਅੰਕੜਿਆਂ ਅਨੁਸਾਰ ਇਕੱਲੇ 2020 ’ਚ ਏਸ਼ੀਆਈ ਅਮਰੀਕੀਆਂ ਪ੍ਰਤੀ ਤਕਰੀਬਨ 3,000 ਨਫ਼ਰਤ ਦੀਆਂ ਘਟਨਾਵਾਂ ਹੋਈਆਂ ਹਨ। ਆਦਮੀ ਦੀ ਮੌਤ ਤੋਂ ਪਹਿਲਾਂ ਜਾਰੀ ਕੀਤੇ ਇੱਕ ਬਿਆਨ ’ਚ ਪੁਲਿਸ ਅਧਿਕਾਰੀ ਆਰਮਸਟ੍ਰਾਂਗ ਅਨੁਸਾਰ ਬਜ਼ੁਰਗਾਂ ’ਤੇ ਹੋਏ ਇੱਕ ਹੋਰ ਹਿੰਸਕ ਹਮਲਾ ਬਹੁਤ ਦੁਖਦਾਇਕ ਹੈ। ਇਸ ਕਾਰਨ ਪੀੜਤ ਦੇ ਪਰਿਵਾਰ ਅਤੇ ਸਮੁੱਚੇ ਭਾਈਚਾਰੇ ’ਤੇ ਬਹੁਤ ਪ੍ਰਭਾਵ ਪਿਆ ਹੈ ਅਤੇ ਪੁਲਿਸ ਅਧਿਕਾਰੀ ਇਸ ਤਰ੍ਹਾਂ ਦੇ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਕੋਸ਼ਿਸ਼ ਕਰ ਰਹੇ ਹਨ।

Share