ਓਕਲਾਹੋਮਾ ਦੇ ਦੋ ਕੈਦੀਆਂ ਨੂੰ ਜ਼ਹਿਰੀਲਾ ਟੀਕਾ ਲਾ ਕੇ ਦਿੱਤੀ ਜਾਵੇਗੀ ਮੌਤ

331
ਡੋਨਲਡ ਗਰਾਂਟ ਤੇ ਗਿਲਬਰਟ ਪੋਸਟਲ ਦੀਆਂ ਫਾਈਲ ਤਸਵੀਰਾਂ।
Share

* ਗੋਲੀਆਂ ਮਾਰ ਕੇ ਸਜ਼ਾ ਉਪਰ ਅਮਲ ਕਰਨ ਦੀ ਅਪੀਲ ਰੱਦ
ਸੈਕਰਾਮੈਂਟੋ, 15 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਸੰਘੀ ਅਦਾਲਤ ਵੱਲੋਂ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕਰਨ ਦੀ ਬਜਾਏ ‘ਫਾਇਰਿੰਗ ਸਕੁਐਡ’ ਦੁਆਰਾ ਗੋਲੀਆਂ ਮਾਰ ਕੇ ਮਾਰ ਦੇਣ ਦੀ ਅਪੀਲ ਰੱਦ ਕਰ ਦੇਣ ਉਪਰੰਤ ਵੱਖ-ਵੱਖ ਦੋਸ਼ਾਂ ਤਹਿਤ ਦਿੱਤੀ ਗਈ ਦੋ ਕੈਦੀਆਂ ਨੂੰ ਮੌਤ ਦੀ ਸਜ਼ਾ ਉਪਰ ਅਮਲ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਫੈਸਲੇ ਉਪਰੰਤ ਡੋਨਲਡ ਗਰਾਂਟ ਨੂੰ 26 ਜਨਵਰੀ ਤੇ ਗਿਲਬਰਟ ਪੋਸਟਲ ਨੂੰ 17 ਫਰਵਰੀ ਨੂੰ ਜ਼ਹਿਰੀਲਾ ਟੀਕਾ ਲਾ ਕੇ ਸਦਾ ਦੀ ਨੀਂਦ ਸਵਾ ਦਿੱਤਾ ਜਾਵੇਗਾ। ਜੱਜ ਸਟੀਫਨ ਫਰੀਆਟ ਨੇ ਆਪਣੇ ਨਿਰਨੇ ਵਿਚ ਕਿਹਾ ਹੈ ਕਿ ਦੋਸ਼ੀਆਂ ਦੇ ਵਕੀਲ ਇਹ ਸਾਬਤ ਕਰਨ ਵਿਚ ਨਾਕਾਮ ਰਹੇ ਹਨ ਕਿ ਜ਼ਹਿਰੀਲਾ ਟੀਕਾ ਲਾਉਣ ਨਾਲ ਵਿਅਕਤੀ ਦਾ ਅੰਤ ਬਹੁਤ ਦੁੱਖਾਂ ਭਰਿਆ ਹੁੰਦਾ ਹੈ, ਹਾਲਾਂਕਿ ਓਕਲਾਹੋਮਾ ਵਿਚ ਬੀਤੇ ਵਿਚ ਵੀ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਹੁੰਦਾ ਰਿਹਾ ਹੈ। ਸੰਘੀ ਅਦਾਲਤ ਦੇ ਇਸ ਨਿਰਨੇ ਨੂੰ ਦੋਸ਼ੀਆਂ ਦੇ ਵਕੀਲਾਂ ਨੇ ‘ਟੈਨਥ ਸਰਕਟ ਕੋਰਟ ਆਫ ਅਪੀਲ’ ਵਿਚ ਚੁਣੌਤੀ ਦਿੱਤੀ ਹੈ। ਵਕੀਲ ਜੈਨੀਫਰ ਮੋਰੈਨੋ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੌਤ ਦੀ ਸਜ਼ਾ ਉਪਰ ਇਸ ਸਮੇਂ ਅਮਲ ਕਰਨ ਲਈ ਕੋਈ ਸਿਧਾਂਤਕ ਆਧਾਰ ਮੌਜੂਦ ਨਹੀਂ ਹੈ ਤੇ ਮੌਤ ਦੀ ਸਜ਼ਾ ਨੂੰ ਕੁਝ ਸਮੇਂ ਲਈ ਰੋਕ ਦੇਣਾ ਹੀ ਦੂਰਦਰਸ਼ੀ ਵਾਲਾ ਫੈਸਲਾ ਹੋਵੇਗਾ। ਦੂਸਰੇ ਪਾਸੇ ਜ਼ਹਿਰੀਲਾ ਟੀਕਾ ਲਾ ਕੇ ਮੌਤ ਦੀ ਸਜ਼ਾ ਉਪਰ ਅਮਲ ਕਰਨ ’ਤੇ ਜੋਰ ਦੇ ਰਹੇ ਵਕੀਲਾਂ ਦਾ ਕਹਿਣਾ ਹੈ ਕਿ ‘ਫਾਇਰਿੰਗ ਸਕੁਐਡ’ ਰਾਹੀਂ ਜਾਂ ਹੋਰ ਕਿਸੇ ਢੰਗ ਤਰੀਕੇ ਰਾਹੀਂ ਮੌਤ ਦੇਣ ਸਬੰਧੀ ਅਪੀਲ ਦਾ ਮਕਸਦ ਦੋਸ਼ੀਆਂ ਦੀ ਫਾਂਸੀ ਨੂੰ ਅੱਗੇ ਪਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ।

Share