ਐੱਸ.ਵਾਈ.ਐੱਲ. ਮਾਮਲਾ; ਸ਼ਹੀਦ ਹੋ ਜਾਵਾਂਗੇ ਪਰ ਪਾਣੀ ਸੂਬੇ ‘ਚੋਂ ਬਾਹਰ ਨਹੀਂ ਜਾਣ ਦੇਵਾਂਗੇ : ਕੈਪਟਨ

669
Share

ਚੰਡੀਗੜ੍ਹ, 27 ਫਰਵਰੀ (ਪੰਜਾਬ ਮੇਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਸਖ਼ਤ ਅਤੇ ਭਾਵੁਕ ਰੁਖ਼ ਅਪਣਾਉਂਦਿਆਂ ਆਖਿਆ, ”ਉਹ ਸ਼ਹੀਦ ਹੋ ਜਾਣਗੇ ਪਰ ਪਾਣੀ ਸੂਬੇ ਵਿਚੋਂ ਬਾਹਰ ਨਹੀਂ ਜਾਣ ਦੇਣਗੇ।” ਉਨ੍ਹਾਂ ਕਿਹਾ ਕਿ ਛੇਵਾਂ ਤਨਖਾਹ ਕਮਿਸ਼ਨ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚੀਨ ਵਿਚ ਕਰੋਨਾਵਾਇਰਸ ਫੈਲਣ ਕਰਕੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ‘ਚ ਦੇਰੀ ਹੋਵੇਗੀ।
ਪੰਜਾਬ ਵਿਧਾਨ ਸਭਾ ਵਿਚ ਰਾਜਪਾਲ ਦੇ ਭਾਸ਼ਨ ‘ਤੇ ਧੰਨਵਾਦ ਮਤੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ ਹੈ, ਕਿਉਂਕਿ ਪਿਛਲੇ ਸਾਲਾਂ ਵਿਚ ਦਰਿਆਵਾਂ ਵਿਚ ਪਾਣੀ 5.5 ਮਿਲੀਅਨ ਫੁਟ ਘੱਟ ਗਿਆ ਹੈ ਤੇ 17.6 ਮਿਲੀਅਨ ਫੁਟ ਤੋਂ ਘੱਟ ਕੇ 13.1 ਮਿਲੀਅਨ ਫੁਟ ਰਹਿ ਗਿਆ ਹੈ।
ਅਨਾਜ ਦੀ ਨਿਰਵਿਘਨ ਖਰੀਦ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਉਦਿਆਂ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਐੱਮਐੱਸਪੀ ਆਧਾਰਿਤ ਅਨਾਜ ਦੀ ਖਰੀਦ ਬੰਦ ਨਾ ਕੀਤੀ ਜਾਵੇ, ਕਿਉਂਕਿ ਇਸ ਨਾਲ ਕਿਸਾਨਾਂ ਦੀ ਰੋਜ਼ੀ ਰੋਟੀ ਉਪਰ ਮਾੜਾ ਅਸਰ ਪਵੇਗਾ ਅਤੇ ਦੇਸ਼ ਦੇ ਅੰਨ ਭੰਡਾਰ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਸਰਬ ਪਾਰਟੀ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ ਤੇ ਘੱਟੋ ਘੱਟ ਸਮਰਥਨ ਮੁੱਲ ਜਾਰੀ ਰੱਖਣ ‘ਤੇ ਜ਼ੋਰ ਦੇਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਸੂਬੇ ਦੇ ਅਨਾਜ ਭੰਡਾਰ ਭਰੇ ਪਏ ਹਨ ਤੇ ਅਗਲੀ ਫ਼ਸਲ ਆਉਣ ਵਾਲੀ ਹੈ ਤੇ ਅਨਾਜ ਰੱਖਣ ਲਈ ਥਾਂ ਨਹੀਂ ਹੈ। ਇਸ ਲਈ ਪਹਿਲ ਦੇ ਆਧਾਰ ‘ਤੇ ਸੂਬੇ ‘ਚੋਂ ਅਨਾਜ ਚੁੱਕਿਆ ਜਾਵੇ।
ਹੋਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 5.62 ਲੱਖ ਕਿਸਾਨਾਂ ਦਾ 4603 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਤੇ ਹੋਰਾਂ ਨੂੰ ਜਲਦ ਰਾਹਤ ਦਿੱਤੀ ਜਾਵੇਗੀ। ਇਸ ਲਈ ਵਿੱਤ ਮੰਤਰੀ ਬਜਟ ਵਿੱਚ ਪੈਸਾ ਰੱਖਣਗੇ। ਕਿਸਾਨਾਂ ਦੀਆਂ ਜਿਣਸਾਂ ਨੂੰ ਚੁੱਕਣ ਪ੍ਰਤੀ ਆਪਣੀ ਸਰਕਾਰ ਦੀ ਪਹਿਲ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਛੇ ਫ਼ਸਲਾਂ ਦੌਰਾਨ ਕਿਸਾਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਜਦੋਂਕਿ ਅਕਾਲੀ ਸਰਕਾਰ ਸਮੇਂ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਕਾਫੀ ਮੁਸ਼ੱਕਤ ਕਰਕੇ ਵੱਧ ਪੈਦਾਵਾਰ ਕੀਤੀ ਹੈ, ਜਿਸ ਸਦਕਾ ਉਨ੍ਹਾਂ ਨੂੰ 44,000 ਕਰੋੜ ਰੁਪਏ ਵੱਧ ਮਿਲੇ ਹਨ। ਸੂਬਾ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਲਈ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਤੇ ਝੋਨੇ ਦੀ ਫਸਲ ਬਹੁਤ ਪਾਣੀ ਖਾਂਦੀ ਹੈ ਤੇ ਕਿਸਾਨਾਂ ਨੂੰ ਇਸ ਦੀ ਖੇਤੀ ਕਰਨੀ ਛੱਡਣੀ ਪਵੇਗੀ। ਧਰਤੀ ਹੇਠਲਾ ਪਾਣੀ ਬਚਾਉਣ ਅਤੇ ਖੇਤੀਬਾੜੀ ਫਸਲੀ ਵਿਭਿੰਨਤਾ ਤਹਿਤ ਝੋਨੇ ਹੇਠਲਾ ਰਕਬਾ 2.50 ਲੱਖ ਹੈਕਟੇਅਰ ਘਟਾਇਆ ਹੈ, ਜਿਸ ਨਾਲ ਪੈਦਾਵਾਰ ਸਿਰਫ 12 ਲੱਖ ਟਨ ਘਟੀ ਹੈ।
ਨਸ਼ਿਆਂ ਦੇ ਮੁੱਦੇ ‘ਤੇ ਵਿਰੋਧੀ ਧਿਰ ਤੇ ਖਾਸ ਕਰਕੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਵੱਲੋਂ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੀਤੇ ਹਮਲਿਆਂ ਵੱਲ ਮੁੱਖ ਮੰਤਰੀ ਨੇ ਤਵੱਜੋ ਨਹੀਂ ਦਿੱਤੀ। ਉਨ੍ਹਾਂ ਨੇ ਇਸ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿਛਲੇ ਦਿਨੀਂ ਮਾਝੇ ਵਿਚ ਕੀਤੇ ਭਾਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਾਰੀ ਉਮਰ ਝੁਠ ਬੋਲਦੇ ਰਹੇ ਹਨ ਤੇ ਸਾਰੀ ਉਮਰ ਨਸ਼ਿਆਂ ਵਿਰੁੱਧ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਨਸ਼ਾ ਰੋਕੂ ਪ੍ਰੋਗਰਾਮ ਸਫ਼ਲ ਹੋ ਰਿਹਾ ਹੈ ਤੇ ਇਸ ਕਰਕੇ ਕੇਂਦਰ ਸਰਕਾਰ ਨੇ ਇਸ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕਪਾਲ ਲਾਗੂ ਕਰਨ ਲਈ ਜਲਦੀ ਬਿਲ ਲਿਆਵਾਂਗੇ।


Share