ਰੂਪਨਗਰ, 7 ਅਗਸਤ (ਪੰਜਾਬ ਮੇਲ)-4 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਏ ਜ਼ਿਲ੍ਹਾ ਰੂਪਨਗਰ ਦੇ ਪਿੰਡ ਕਟਲੀ ਦੇ ਨੌਜਵਾਨ ਦਵਿੰਦਰ ਸਿੰਘ ਦੀ ਕੁਵੈਤ ‘ਚ ਖਰਾਬ ਸਿਹਤ ਸਬੰਧੀ ਖ਼ਬਰ ਵਿਖਾਉਣ ਦੇ ਬਾਅਦ ਸਰਬਤ ਦਾ ਭਲਾ ਟਰੱਸਟ ਪੀੜਤ ਨੌਜਵਾਨ ਦੀ ਮਦਦ ਲਈ ਅੱਗੇ ਆਈ ਹੈ। ਸਰਬਤ ਦਾ ਭਲਾ ਟਰੱਸਟ ਦੇ ਮੁਖੀ ਐੱਸ. ਪੀ. ਸਿੰਘ ਓਬਰਾਏ ਨੇ ਪੀੜਤ ਦਵਿੰਦਰ ਸਿੰਘ ਦੇ ਪਿੰਡ ਕਟਲੀ ਪਹੁੰਚ ਕੇ ਉਸ ਦੇ ਬਜ਼ੁਰਗ ਮਾਪਿਆਂ ਨਾਲ ਮੁਲਾਕਾਤ ਕਰਦੇ ਹੋਏ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਦੱਸਣਯੋਗ ਹੈ ਕਿ ਕੁਵੈਤ ਦੇ ਇਕ ਹਸਪਤਾਲ ਦੇ ਆਈ. ਸੀ. ਯੂ. ਵਾਰਡ ‘ਚ ਮੈਡੀਕਲ ਨਾਲੀਆਂ ਦੇ ਸਹਾਰੇ ਦਵਿੰਦਰ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦਵਿੰਦਰ ਸਿੰਘ ਚਾਰ ਕੁ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਅਤੇ ਸੁਨਹਿਰੇ ਭਵਿੱਖ ਦੀ ਭਾਲ ‘ਚ ਕੁਵੈਤ ਗਿਆ ਸੀ ਪਰ ਇਸੇ ਸਾਲ ਜਦੋਂ ਉਹ ਜਨਵਰੀ ‘ਚ ਆਪਣੇ ਪਿੰਡ ਕਟਲੀ ਤੋਂ ਇਕ ਮਹੀਨੇ ਦੀ ਛੁੱਟੀ ਬਤੀਤ ਕਰਕੇ ਵਾਪਸ ਕੁਵੈਤ ਗਿਆ ਤਾਂ ਕੁਝ ਕੁ ਦਿਨ ਬਾਅਦ ਇਸ ਦੀ ਸਿਹਤ ਖਰਾਬ ਹੋ ਗਈ ਅਤੇ ਬੀਮਾਰੀ ਲਗਾਤਾਰ ਵਧਦੀ ਗਈ।
ਦਵਿੰਦਰ ਸਿੰਘ ਦੀ ਅੱਜ ਹਾਲਤ ਇਹ ਹੋ ਗਈ ਕਿ ਉਹ ਆਈ. ਸੀ. ਯੂ. ‘ਚ ਮੈਡੀਕਲ ਨਾਲੀਆਂ ਦੇ ਸਹਾਰੇ ਹਸਪਤਾਲ ਦੇ ਬੈੱਡ ‘ਤੇ ਪਿਆ ਹੈ। ਇਸ ਨੌਜਵਾਨ ਦੀ ਤਰਸਯੋਗ ਹਾਲਤ ਸਬੰਧੀ ਚਲਾਈ ਖ਼ਬਰ ਦੇ ਬਾਅਦ ਸਰਬਤ ਦਾ ਭਲਾ ਟਰੱਸਟ ਵੱਲੋਂ ਪੀੜਤ ਨੌਜਵਾਨ ਦੀ ਮਦਦ ਬੀੜਾ ਚੁੱਕਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਰਬਤ ਦਾ ਭਲਾ ਟਰੱਸਟ ਵੱਲੋਂ ਪੀੜਤ ਪਰਿਵਾਰ ਦੀ ਬਾਂਹ ਫੜਨ ਦੇ ਬਾਅਦ ਹੁਣ ਬੁੱਢੇ ਮਾਪਿਆਂ ‘ਚ ਆਸ ਜਾਗ ਗਈ ਹੈ ਕਿ ਹੁਣ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਕੋਲ ਆ ਜਾਵੇਗਾ ਅਤੇ ਉਹ ਆਪਣੇ ਪੁੱਤਰ ਦਾ ਇਲਾਜ ਸਣੇ ਦੇਖ ਭਾਲ ਖੁਦ ਕਰ ਸਕਣਗੇ।