ਐੱਸ.ਐੱਫ.ਜੇ. ਪੰਜਾਬ ‘ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਕਰ ਰਿਹੈ ਯਤਨ!

601
Share

-ਸਿੱਖ ਨੌਜਵਾਨਾਂ ਨੂੰ ਉਕਸਾ ਰਿਹੈ ਐੱਸ.ਐੱਫ.ਜੇ.
ਜਲੰਧਰ, 12 ਸਤੰਬਰ (ਪੰਜਾਬ ਮੇਲ)-ਭਾਰਤ ਸਰਕਾਰ ਨੇ 1 ਜੁਲਾਈ ਨੂੰ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਲਈ ਯੂ.ਏ.ਪੀ.ਏ. ਦੇ ਤਹਿਤ ਸੰਯੁਕਤ ਰਾਸ਼ਟਰ ਅਮਰੀਕਾ, ਬ੍ਰਿਟੇਨ, ਪਾਕਿਸਤਾਨ, ਜਰਮਨੀ ਅਤੇ ਕੈਨੇਡਾ ਤੋਂ ਘੱਟ ਤੋਂ ਘੱਟ 9 ਵਿਅਕਤੀਆਂ ਨੂੰ ਅੱਤਵਾਦੀਆਂ ਦੇ ਰੂਪ ‘ਚ ਨਾਮਜ਼ਦ ਕੀਤਾ ਸੀ। ਇਸ ਲਿਸਟ ‘ਚ ਗੁਰਪਤਵੰਤ ਸਿੰਘ ਪੰਨੂੰ, ਕਾਨੂੰਨੀ ਸਲਾਹਕਾਰ ਅਤੇ ਯੂ.ਐੱਸ.-ਸਿੱਖ ਫਾਰ ਜਸਟਿਸ ਦੇ (ਐੱਸ.ਐੱਫ.ਜੇ.) ਦੇ ਮੁੱਖ ਨਾਇਕਾਂ ‘ਚੋਂ ਇਕ ਸਨ।
ਪੰਨੂੰ ਪਾਕਿਸਤਾਨ ਦੇ ਇਸ਼ਾਰੇ ‘ਤੇ ਪੰਜਾਬ ‘ਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਨਿਰੰਤਰ ਯਤਨ ਕਰ ਰਿਹਾ ਹੈ। ਇਹ ਸੰਗਠਨ ਭਾਰਤੀ ਆਗੂਆਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਚੈਨਲਾਂ ਰਾਹੀਂ ਨਾਲ ਗਲਤ ਸੂਚਨਾ ਫੈਲਾ ਰਿਹਾ ਹੈ। ਇਸ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਵਿੱਤੀ ਲਾਭ ਦੇ ਕੇ ਹਿੰਸਾ ਕਰਨ ਲਈ ਉਕਸਾਉਣ ਲਈ ਇਕ ਠੋਸ ਮੁਹਿੰਮ ਵੀ ਚਲਾਈ ਹੈ। ਪੱਛਮੀ ਦੇਸ਼ਾਂ ‘ਚ ਸੁਤੰਤਰ ਭਾਸ਼ਣ ਦੇ ਕਾਨੂੰਨਾਂ ਦਾ ਲਾਭ ਚੁੱਕਦੇ ਹੋਏ ਐੱਸ.ਐੱਫ.ਜੇ. ਲਗਾਤਾਰ ਆਪਣੀ ਵੱਖਵਾਦੀ ਮੁਹਿੰਮ ‘ਰੈਫਰੈਂਡਮ 2020’ ਦਾ ਪ੍ਰਚਾਰ ਕਰਨ ਲਈ ਭਾਰਤ ‘ਚ ਸਿੱਖਾਂ ‘ਤੇ ਹੋ ਰਹੇ ਜ਼ੁਲਮ ਦਾ ਝੂਠਾ ਪ੍ਰਚਾਰ ਕਰਕੇ ਇਸ ਦਾ ਨਾਜਾਇਜ਼ ਫਾਇਦਾ ਚੁੱਕ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ 2 ਜੁਲਾਈ ਨੂੰ ਭਾਰਤ ਯਾਤਰਾ ਦੌਰਾਨ ਇਕ ਐੱਸ.ਐੱਫ.ਜੇ. ਦੇ ਕਾਰਕੁੰਨ ਅਤੇ ਇਟਲੀ ਦੇ ਵਸਨੀਕ ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਗ੍ਰਿਫਤਾਰੀ ਕਾਰਨ ਸਿੱਖ ਸੰਗਠਨਾਂ ਵੱਲੋਂ ਵਿਦੇਸ਼ਾਂ ‘ਚ ਉਨ੍ਹਾਂ ਦੀ ਰਿਹਾਈ ਲਈ ਵਿਰੋਧ ਪ੍ਰਦਰਸ਼ਨ ਹੋਏ। ਇਸੇ ਨੂੰ ਲੈ ਕੇ ਪੰਜਾਬ ਏਕਤਾ ਪਾਰਟੀ ਦੇ ਸੰਸਥਾਪਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਜੋਗਿੰਦਰ ਸਿੰਘ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਸੀ ਅਤੇ ਉਸ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਇਹ ਮਾਮਲਾ ਐੱਸ.ਐੱਫ.ਜੇ. ਦੇ ਕਾਰਜਾਂ ‘ਚ ਉਸ ਦੀ ਸਰਗਰਮ ਹਿੱਸੇਦਾਰੀ ਅਤੇ ਜੈਨੇਵਾ ‘ਚ ਐੱਸ.ਐੱਫ.ਜੇ. ਦੀ ਅਗਵਾਈ ਵਾਲੀ ਭਾਰਤ ਵਿਰੋਧੀ ਸੰਮੇਲਨ ‘ਚ ਉਸ ਦੀ ਭੂਮਿਕਾ ਬਾਰੇ ਜਾਣਕਾਰੀ ਉੱਤੇ ਆਧਾਰਿਤ ਸੀ। ਉਹ ਭਾਰਤ ਅਤੇ ਵਿਦੇਸ਼ਾਂ ‘ਚ ਸੰਗਠਨ ਦੇ ਕਾਰਕੁੰਨਾਂ ਨੂੰ ਵਿੱਤੀ ਸਹਾਇਤਾ ਦੇ ਰਿਹਾ ਸੀ, ਜਦਕਿ ਉਸ ਦੇ ਸੈੱਲ ਫੋਨ ‘ਤੇ ਇਤਰਾਜ਼ਯੋਗ ਸਮੱਗਰੀ ਨੂੰ ਸਬੂਤਾਂ ਦੇ ਰੂਪ ‘ਚ ਪਾਇਆ ਗਿਆ ਸੀ।
ਐੱਸ.ਐੱਫ.ਜੇ. ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਬਾਰੇ ਫਰਜ਼ੀ ਕਹਾਣੀਆਂ ਸਾਹਮਣੇ ਰੱਖਦਾ ਹੈ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਪਾਕਿਸਤਾਨ ਅਤੇ ਐੱਸ.ਐੱਫ.ਜੇ. ਖ਼ਿਲਾਫ਼ ਚਿਤਾਵਨੀ ਦਿੰਦੇ ਕਿਹਾ ਹੈ ਕਿ ਵਿਰੋਧੀ ਤਾਕਤਾਂ ਸਿੱਖਾਂ ਨੂੰ ਗਲਤ ਰਾਹ ‘ਤੇ ਧੱਕ ਰਹੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਫਾਇਦੇ ਲਈ ਸੋਸ਼ਲ ਮੀਡੀਆ ‘ਤੇ ਭੜਕਾ ਰਹੀਆਂ ਹਨ। ਐੱਸ.ਐੱਫ.ਜੇ. ਨੇ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਅਸਲੀਅਤ ਇਹ ਨਹੀਂ ਹੈ। ਸਿੱਖਾਂ ਨੂੰ ਭਾਰਤ ‘ਚ ਯਾਤਰਾ ਕਰਦੇ ਸਮੇਂ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਮੇਂ-ਸਮੇਂ ‘ਤੇ ਇਸ ਸੰਗਠਨ ਦੇ ਮੈਂਬਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਐੱਸ.ਐੱਫ.ਜੇ. ਗਤੀਵਿਧੀਆਂ ਲਈ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਰੱਖਿਆ ਲਈ ਮੁਕੰਮਲ ਕਾਨੂੰਨੀ ਖਰਚਿਆਂ ਨੂੰ ਸਹਿਣ ਕਰਨਗੇ, ਹਾਲਾਂਕਿ ਜ਼ਮੀਨੀ ਪੜਤਾਲਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਵੱਖ-ਵੱਖ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਕਾਨੂੰਨੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਪੰਜਾਬ ਆਧਾਰਿਤ ਭੋਲੇ-ਭਾਲੇ ਨੌਜਵਾਨਾਂ ਨੂੰ ਰੈਫਰੈਂਡਮ-2020 ਦੀਆਂ ਗਤੀਵਿਧੀਆਂ ‘ਚ ਸ਼ਾਮਲ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਕਈ ਪਰਿਵਾਰ ਤਬਾਹ ਹੋ ਗਏ। ਇਸੇ ਤਰ੍ਹਾਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ‘ਚੋਂ ਦਿੱਲੀ ਦੇ ਰਹਿਣ ਵਾਲੇ ਵਿਜੇ ਸਿੰਘ ਦੇ ਪਿਤਾ ਹਰਮੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਆਪਣੀ ਬੇਟੀ ਲਈ ਸਕੂਲ ਦੀ ਫੀਸ ਦਾ ਭੁਗਤਾਣ ਕਰਨ ਲਈ ਐੱਸ.ਐੱਫ.ਜੇ. ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਕ ਹੋਰ ਮਾਮਲਾ ਸ਼ਬਨਮਦੀਪ ਸਿੰਘ ਦਾ ਹੈ, ਜਿਸ ਨੇ 2018 ‘ਚ ਤਿਉਹਾਰਾਂ ਦੇ ਸੀਜ਼ਨ ‘ਚ ਹਮਲੇ ਨੂੰ ਅੰਜਾਮ ਦੇਣ ਲਈ ਐੱਸ.ਐੱਫ.ਜੇ. ਦੇ ਕਾਰਕੁੰਨਾਂ ਤੋਂ ਇਕ ਪਿਸਤੌਲ ਅਤੇ ਇਕ ਗ੍ਰੇਨੇਡ ਹਾਸਲ ਕੀਤਾ ਸੀ। ਜ਼ਮੀਨੀ ਪੱਧਰ ‘ਤੇ ਸਮਰਥਨ ਜ਼ੀਰੋ ਹੋਣ ਤੋਂ ਬਾਅਦ ਐੱਸ.ਐੱਫ.ਜੇ. ਅਕਸਰ ਹੀ ਸੋਸ਼ਲ ਮੀਡੀਆ ‘ਤੇ ਧਮਕੀ ਭਰੀਆਂ ਪੋਸਟਾਂ ਸਾਂਝੀਆਂ ਕਰਦਾ ਹੈ। ਇਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਜੇਕਰ ਉਹ ਬਿਨਾਂ ਸੁਰੱਖਿਆ ਘੁੰਮਦੇ ਹਨ ਤਾਂ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਰਮਜੀਤ ਸਿੰਘ ਪੰਮਾ (ਯੂ.ਕੇ.) ਅਤੇ ਹਰਦੀਪ ਸਿੰਘ ਨਿੱਝਰ (ਕੈਨੇਡਾ) ਵਰਗਿਆਂ ਦਾ ਅੱਤਵਾਦੀ ਸੰਗਠਨਾਂ ਨਾਲ ਜੁੜਨਾ ਵੀ ਉਨ੍ਹਾਂ ਦੀ ਲਹਿਰ ਦੇ ਅਸਲ ਇਰਾਦਿਆਂ ਦਾ ਸਬੂਤ ਹੈ।


Share