ਐੱਸ.ਐੱਫ.ਜੇ. ਆਗੂ ਗੁਰਪਤਵੰਤ ਪੰਨੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਮੌਤ ਦੀ ਧਮਕੀ

8
ਬਠਿੰਡਾ ਵਿਖੇ ਲਿਖੇ ਖਾਲਿਸਤਾਨ ਦੇ ਨਾਅਰੇ ਦੇਖਦੇ ਹੋਏ ਲੋਕ।

ਬਠਿੰਡਾ, 25 ਜਨਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ਮਨਕੇ ਬਠਿੰਡਾ ‘ਚ ਕੌਮੀ ਝੰਡਾ ਲਹਿਰਾਉਣ ਪੁੱਜ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਬੈਠੇ ‘ਸਿੱਖਜ਼ ਫ਼ਾਰ ਜਸਟਿਸ’ ਦੇ ਆਗੂ ਗੁਰਪਤਵੰਤ ਪੰਨੂ ਵਲੋਂ ਸਿਆਸੀ ਮੌਤ ਦੀ ਧਮਕੀ ਦਿੱਤੀ ਗਈ ਹੈ, ਜਿਸ ਤਹਿਤ ਬਠਿੰਡਾ ‘ਚ ਅੱਧੀ ਦਰਜਨ ਥਾਵਾਂ ਉੱਪਰ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਪੰਨੂ ਨੇ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਸਾਰੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਕਬੂਲੀ। ਵੀਡੀਓ ‘ਚ ਮੁੱਖ ਮੰਤਰੀ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਗਿਆ ਕਿ ਤੁਸੀਂ 26 ਜਨਵਰੀ ਨੂੰ ਤਿਰੰਗਾ ਝੰਡਾ ਨਹੀਂ, ਸਗੋਂ ਆਪਣੀ ਸਿਆਸੀ ਮੌਤ ਦਾ ਝੰਡਾ ਲਹਿਰਾਉਗੇ। ਬਠਿੰਡਾ ‘ਚ ਤੁਸੀਂ ਜਿਸ ਜਗ੍ਹਾ ਝੰਡਾ ਲਹਿਰਾਉਣਾ, ਉਸ ਜਗ੍ਹਾ ‘ਤੇ ਆਰ.ਜੀ.ਪੀ. ਰੱਖਿਆ ਹੋਇਆ ਅਤੇ ਸਾਡੇ ਵਲੋਂ ਰਾਕੇਟ ਨਾਲ ਵੀ ਹਮਲਾ ਕੀਤਾ ਜਾ ਸਕਦਾ, ਜਿਸ ਦੀ ਤਾਕੀਦ ਵਜੋਂ ਬਠਿੰਡਾ ਦੀ ਸੀ.ਆਈ.ਐੱਸ.ਐੱਫ. ਕਾਲੋਨੀ ਦੀ ਕੰਧ, ਖਾਦ ਫ਼ੈਕਟਰੀ ਦੀ ਕੰਧ, ਮਲੋਟ ਰੋਡ ‘ਤੇ ਸਥਿਤ ਕਾਲਾ ਮਾਤਾ ਮੰਦਿਰ, ਮੈਰੀਟੋਰੀਅਸ ਸਕੂਲ, ਟਾਊਨਸ਼ਿਪ ਕਾਲੋਨੀ, ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਕੰਧ ‘ਤੇ ਜੋ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ, ਉਹ ਸਿੱਖਜ਼ ਫ਼ਾਰ ਜਸਟਿਸ ਵਜੋਂ ਲਿਖਵਾਏ ਗਏ ਹਨ। ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਖ਼ੁਦ ਅਤੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਜਾਇਜ਼ਾ ਲੈਣ ਬਾਅਦ ਉਕਤ ਨਾਅਰਿਆਂ ਨੂੰ ਕਾਲੇ ਪੋਚੇ ਨਾਲ ਮਿਟਾਇਆ। ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ‘ਚ ਲਿਆਉਣ ਦੇ ਨਾਲ-ਨਾਲ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ।