-ਛੱਪੜ ਦੀ ਕਾਇਆ ਕਲਪ ਕਰਕੇ ਬਣਵਾਏ ਇਸ ਸੁੰਦਰ ਪਾਰਕ ’ਤੇ ਖਰਚੇ 2.5 ਕਰੋੜ ਰੁਪਏ
ਜਲੰਧਰ/ਗਾਖਲ, 25 ਅਕਤੂਬਰ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਐਤਵਾਰ ਨੂੰ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਸੰਸਦ ਮੈਂਬਰ, ਜਿਨ੍ਹਾਂ ਨਾਲ ਸਾਬਕਾ ਐੱਮ.ਪੀ. ਅਤੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਚੇਅਰਮੈਨ ਮੋਹਿੰਦਰ ਸਿੰਘ ਕੇ.ਪੀ., ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਚੌਧਰੀ ਸੁਰਿੰਦਰ ਸਿੰਘ ਵੀ ਮੌਜੂਦ ਸਨ, ਇੱਥੇ ਸ਼ਹੀਦ ਨਾਇਕ ਕੁਲਵਿੰਦਰ ਸਿੰਘ ਦੇ ਨਾਂ ’ਤੇ ਬਣੇ ਪਾਰਕ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਪਾਰਕ ਨੂੰ ਪ੍ਰਵਾਸੀ ਭਾਰਤੀ ਅਮੋਲਕ ਸਿੰਘ ਗਾਖਲ ਵੱਲੋਂ ਪਿੰਡ ਦੇ ਛੱਪੜ ਦੀ ਕਾਇਆ-ਕਲਪ ਕਰ ਕੇ ਵਿਕਸਿਤ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਪ੍ਰਵਾਸੀ ਭਾਰਤੀਆਂ ਦੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦੁਨੀਆਂ ਵਿਚ ਆਪਣੇ ਲਈ ਖਾਸ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਵਿਦੇਸ਼ੀ ਧਰਤੀ ’ਤੇ ਆਪਣੇ ਮਿਸਾਲੀ ਕਾਰਜਾਂ ਰਾਹੀਂ ਹਰੇਕ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ ਹੈ। ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਭਾਵੇਂ ਪ੍ਰਵਾਸੀ ਭਾਰਤੀਆਂ ਵੱਲੋਂ ਹਮੇਸ਼ਾ ਹੀ ਸੂਬੇ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਗਿਆ ਹੈ ਪਰ ਹੁਣ ਸੂਬੇ ਦੇ ਸਮੁੱਚੇ ਵਿਕਾਸ ਲਈ ਹੋਰ ਯਤਨ ਕਰਨ ਦੀ ਲੋੜ ਹੈ। ਸੰਸਦ ਮੈਂਬਰ ਨੇ ਕਿਹਾ, ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਜੱਦੀ ਪਿੰਡਾਂ ਅਤੇ ਕਸਬਿਆਂ ਦੇ ਵਿਕਾਸ ਲਈ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਗਈ ਹੈ। ਪ੍ਰਵਾਸੀ ਭਾਰਤੀਆਂ ਵੱਲੋਂ ਸੂਬਾ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨ ਸਦਕਾ ਅਜਿਹੇ ਉਪਰਾਲਿਆਂ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ।
ਚੌਧਰੀ ਸੰਤੋਖ ਸਿੰਘ ਨੇ ਪ੍ਰਵਾਸੀ ਭਾਰਤੀ ਅਮੋਲਕ ਸਿੰਘ ਗਾਖਲ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦੀ ਇਸ ਬੇਮਿਸਾਲ ਕਾਰਜ ਲਈ ਸ਼ਲਾਘਾ ਕੀਤੀ।
