ਐੱਫ.ਬੀ.ਆਈ. ਵੱਲੋਂ ਟਰੰਪ ਦੇ ਫਲੋਰਿਡਾ ਸਥਿਤ ਕਲੱਬ ਅਤੇ ਰਿਹਾਇਸ਼ ’ਤੇ ਛਾਪੇਮਾਰੀ

40
Share

-ਜਾਂਚ ਦਸਤਾਵੇਜ਼ਾਂ ਨਾਲ ਭਰੇ 15 ਬਕਸਿਆਂ ਨਾਲ ਸਬੰਧਤ ਸੀ, ਜੋ ਟਰੰਪ ਜਨਵਰੀ 2021 ’ਚ ਵਾਈਟ ਹਾਊਸ ਛੱਡਣ ਸਮੇਂ ਲੈ ਗਏ ਸਨ : ਰਿਪੋਰਟ
-ਮੇਰੇ ਘਰ ’ਤੇ ਬਿਨਾਂ ਦੱਸੇ ਛਾਪਾ ਮਾਰਨਾ ਸਹੀ ਨਹੀਂ ਹੈ : ਟਰੰਪ
ਵਾਸ਼ਿੰਗਟਨ, 10 ਅਗਸਤ (ਪੰਜਾਬ ਮੇਲ)- ਐੱਫ.ਬੀ.ਆਈ. ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਲੋਰੀਡਾ ਵਿਚ ਸਥਿਤ ਨਿੱਜੀ ਕਲੱਬ ਤੇ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ ਐੱਫ.ਬੀ.ਆਈ. ਨੇ ਰਾਸ਼ਟਰਪਤੀ ਦਫ਼ਤਰ ਨਾਲ ਜੁੜੇ ਦਸਤਾਵੇਜ਼ਾਂ ਦੇ ਰੱਖ-ਰਖਾਅ ਨਾਲ ਸਬੰਧਤ ਜਾਂਚ ਤਹਿਤ ਇੱਕ ਤਿਜੋਰੀ ਵੀ ਤੋੜੀ, ਜਿਸ ’ਤੇ ਸ਼੍ਰੀ ਟਰੰਪ ਭੜਕ ਗਏ। ਉਨ੍ਹਾਂ ਇਸ ਕਾਰਵਾਈ ਨੂੰ ਉਨ੍ਹਾਂ ਵੱਲੋਂ ਸਾਲ 2024 ਵਿਚ ਵਾਈਟ ਹਾਊਸ ਪੁੱਜਣ ਦੇ ਯਤਨਾਂ ’ਚ ਅੜਿੱਕਾ ਲਾਉਣ ਦਾ ਯਤਨ ਕਰਾਰ ਦਿੱਤਾ। ਉਨ੍ਹਾਂ ਕਿਹਾ, ‘ਇਹ ਸਾਡੇ ਮੁਲਕ ਲਈ ਮਾੜਾ ਸਮਾਂ ਹੈ ਕਿਉਂਕਿ ਫਲੋਰਿਡਾ ਦੇ ਪਾਮ ਬੀਚ ਵਿਚ ਮਾਰ-ਏ-ਲਾਗੋ ਦੇ ਉਨ੍ਹਾਂ ਦੇ ਖੂਬਸੂਰਤ ਘਰ ’ਤੇ ਐੱਫ.ਬੀ.ਆਈ. ਏਜੰਟਾਂ ਦੇ ਇੱਕ ਵੱਡੇ ਗਰੁੱਪ ਨੇ ਘੇਰਾਬੰਦੀ ਕਰ ਕੇ ਛਾਪਾ ਮਾਰਿਆ ਤੇ ਇਸ ਨੂੰ ਕਬਜ਼ੇ ਵਿਚ ਲੈ ਲਿਆ ਹੈ। ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨਾਲ ਪਹਿਲਾਂ ਅਜਿਹਾ ਕੁਝ ਕਦੇ ਵੀ ਨਹੀਂ ਵਾਪਰਿਆ।’ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਐੱਫ.ਬੀ.ਆਈ. ਦੀ ਜਾਂਚ ਦਸਤਾਵੇਜ਼ਾਂ ਨਾਲ ਭਰੇ 15 ਬਕਸਿਆਂ ਨਾਲ ਸਬੰਧਤ ਸੀ, ਜੋ ਟਰੰਪ ਜਨਵਰੀ 2021 ਵਿਚ ਵਾਈਟ ਹਾਊਸ ਛੱਡਣ ਸਮੇਂ ਮਾਰ-ਏ-ਲਾਗੋ ’ਚ ਲੈ ਗਏ ਸਨ, ਜਿਨ੍ਹਾਂ ਵਿਚੋਂ ਕੁਝ ਦਸਤਾਵੇਜ਼ਾਂ ਨੂੰ ਗੁਪਤ ਐਲਾਨਿਆ ਗਿਆ ਹੈ। ਦੂਜੇ ਪਾਸੇ, ਨਿਆਂ ਵਿਭਾਗ ਤੇ ਐੱਫ.ਬੀ.ਆਈ. ਨੇ ਛਾਪੇ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ, ‘ਸਬੰਧਤ ਸਰਕਾਰੀ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਨ ਦੇ ਬਾਵਜੂਦ ਮੇਰੇ ਘਰ ’ਤੇ ਬਿਨਾਂ ਦੱਸੇ ਛਾਪਾ ਮਾਰਨਾ ਸਹੀ ਨਹੀਂ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਕਾਰਵਾਈ ਵਿਕਾਸਸ਼ੀਲ ਦੇਸ਼ਾਂ ਵਿਚ ਹੀ ਹੋ ਸਕਦੀ ਹੈ। ਐੱਫ.ਬੀ.ਆਈ. ਨੇ ਟਰੰਪ ਦੇ ਘਰ ਅਜਿਹੇ ਸਮੇਂ ਛਾਪਾ ਮਾਰਿਆ ਹੈ, ਜਦੋਂ ਉਹ ਸਾਲ 2024 ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।

Share