ਐੱਫ.ਬੀ.ਆਈ. ਨਿਊ ਮੈਕਸੀਕੋ ’ਚ ਸਿੱਖ ਵਿਅਕਤੀ ਦੇ ਰੈਸਟੋਰੈਂਟ ’ਤੇ ਹਮਲੇ ਦੀ ਕਰੇਗੀ ਜਾਂਚ

223
Share

-ਜੂਨ 2020 ’ਚ ‘ਇੰਡੀਆ ਪੈਲੇਸ’ ਰੈਸਟੋਰੈਂਟ ’ਚ ਅਣਪਛਾਤੇ ਬਦਮਾਸ਼ਾਂ ਵੱਲੋਂ ਕੀਤੀ ਗਈ ਭੰਨ-ਤੋੜ
-ਅਹਾਤੇ ਦੀਆਂ ਕੰਧਾਂ ’ਤੇ ਸਪਰੇਅ ਪੇਂਟ ਨਾਲ ਲਿਖੀਆਂ ਸਨ ਨਫਰਤ ਭਰੀਆਂ ਸੰਦੇਸ਼ ਟਿੱਪਣੀਆਂ
ਵਾਸ਼ਿੰਗਟਨ, 20 ਅਕਤੂਬਰ (ਪੰਜਾਬ ਮੇਲ)- ਦੱਖਣੀ-ਅਮਰੀਕੀ ਰਾਜ ਨਿਊ ਮੈਕਸੀਕੋ ਦੀ ਰਾਜਧਾਨੀ ਸੈਂਟਾ ਫੇ ਵਿਚ ਇਕ ਮਸ਼ਹੂਰ ਭਾਰਤੀ ਰੈਸਟੋਰੈਂਟ ’ਤੇ ਪਿਛਲੇ ਸਾਲ ਹੋਏ ਹਮਲੇ ਦੀ ਜਾਂਚ ਹੁਣ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਕਰੇਗੀ। ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਜੂਨ 2020 ’ਚ ਇਕ ਸਿੱਖ ਵਿਅਕਤੀ ਦੇ ‘ਇੰਡੀਆ ਪੈਲੇਸ’ ਨਾਂ ਦੇ ਰੈਸਟੋਰੈਂਟ ਵਿਚ ਅਣਪਛਾਤੇ ਬਦਮਾਸ਼ਾਂ ਨੇ ਭੰਨ-ਤੋੜ ਕੀਤੀ ਸੀ ਅਤੇ ਰਸੋਈ, ਖਾਣੇ ਦੇ ਕਮਰੇ ਤੇ ਸਟੋਰ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਨਾਲ ਹੀ ਬਦਮਾਸ਼ਾਂ ਨੇ ਅਹਾਤੇ ਦੀਆਂ ਕੰਧਾਂ ਨੂੰ ‘ਟਰੰਪ 2020’ ਅਤੇ ਨਸਲਵਾਦੀ ਨਾਲ ਨਫ਼ਰਤ ਭਰੇ ਸੰਦੇਸ਼ ਟਿੱਪਣੀਆਂ ਸਮੇਤ ਸਪਰੇਅ ਪੇਂਟ ਨਾਲ ਰੰਗ ਦਿੱਤਾ। ਰਿਪੋਰਟਾਂ ਮੁਤਾਬਕ, ਰੈਸਟੋਰੈਂਟ ਦੇ ਮਾਲਕ ਨੂੰ ਲਗਭਗ ਇੱਕ ਲੱਖ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਸੀ।
ਇੱਕ ਸਥਾਨਕ ਨਿਊਜ਼ ਵੈਬਸਾਈਟ ਮੁਤਾਬਕ, ਇਸ ਰੈਸਟੋਰੈਂਟ ਨੂੰ ਬਲਜੀਤ ਸਿੰਘ ਨੇ 2013 ’ਚ ਖਰੀਦਿਆ ਸੀ ਅਤੇ ਇਸ ਨੂੰ ਉਸਦੇ ਬੇਟੇ ਬਲਜੋਤ ਦੁਆਰਾ ਚਲਾਇਆ ਜਾ ਰਿਹਾ ਹੈ। ਸੈਂਟਾ ਫੇ ਪੁਲਿਸ ਨੇ ਇਸ ਘਟਨਾ ਨੂੰ ਨੇੜਲੇ ਇਲਾਕੇ ’ਚ ਰਹਿਣ ਵਾਲੇ ਭਾਰਤੀ ਭਾਈਚਾਰੇ ਪ੍ਰਤੀ ਨਿਰਦੇਸ਼ਿਤ ਨਫ਼ਰਤ ਅਪਰਾਧ ਦੱਸਿਆ ਸੀ। ਘਟਨਾ ਦੇ 16 ਮਹੀਨਿਆਂ ਬਾਅਦ ਵੀ ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ।¿;
ਅਲਬੂਕਰਕ ਐੱਫ.ਬੀ.ਆਈ. ਡਿਵੀਜ਼ਨ ਦੇ ਇੰਚਾਰਜ ਸਪੈਸ਼ਲ ਏਜੰਟ ਰਾਉਲ ਬੁਜਾਂਡਾ ਨੇ ਕਿਹਾ, ‘‘ਇਸ ਘਟਨਾ ਦੀ ਗੂੰਜ ਰਾਸ਼ਟਰੀ ਅਤੇ ਸਥਾਨਕ ਪੱਧਰ ’ਤੇ ਹੋਈ। ਮੈਂ ਸੈਂਟਾ ਫੇ ਪੁਲਿਸ ਵਿਭਾਗ ਦਾ ਉਨ੍ਹਾਂ ਸਾਰੇ ਕੰਮਾਂ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਉਨ੍ਹਾਂ ਨੇ ਇਸ ਮਾਮਲੇ ’ਚ ਕੀਤੇ ਹਨ। ਅਸੀਂ ਇੰਡੀਆ ਪੈਲੇਸ ਵਿਖੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਨਿਆਂ ਦੇ ਘੇਰੇ ’ਚ ਲਿਆਉਣ ਲਈ ਵਚਨਬੱਧ ਹਾਂ।’’ ਡਿਪਟੀ ਚੀਫ ਪਾਲ ਜੋਏ ਨੇ ਕਿਹਾ, ‘‘ਇਸ ਜਾਂਚ ਦੌਰਾਨ ਸਾਨੂੰ ਐੱਫ.ਬੀ.ਆਈ. ਤੋਂ ਮਿਲੀ ਸਹਾਇਤਾ ਲਈ ਸੈਂਟਾ ਫੇ ਪੁਲਿਸ ਵਿਭਾਗ ਉਨ੍ਹਾਂ ਦਾ ਧੰਨਵਾਦੀ ਹੈ। ਅਸੀਂ ਐੱਫ.ਬੀ.ਆਈ. ਦੇ ਨਾਲ ਆਪਣਾ ਕੰਮ ਜਾਰੀ ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਇਸ ਭੰਨਤੋੜ ਲਈ ਜ਼ਿੰਮੇਵਾਰ ਵਿਅਕਤੀ ਜਾਂ ਵਿਅਕਤੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਂਦਾ ਜਾਵੇ।’’¿;
ਐੱਫ.ਬੀ.ਆਈ. ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਜਾਂਚ ਦੌਰਾਨ ਇਕੱਠੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ, ਸਾਂਟਾ ਫੇ ਪੁਲਿਸ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਹੋ ਸਕਦਾ ਹੈ ਕਿ ਰੈਸਟੋਰੈਂਟ ਨਾਲ ਜੁੜੇ ਲੋਕ ਇਸ ਘਟਨਾ ਵਿਚ ਸ਼ਾਮਲ ਹੋਏ ਹੋਣ। ਪੂਰੇ ਅਮਰੀਕਾ ਵਿਚ ਇਸ ਘਟਨਾ ਦੀ ਵਿਆਪਕ ਨਿੰਦਾ ਕੀਤੀ ਗਈ ਸੀ। ਇਸ ਤੋਂ ਬਾਅਦ, ਪਿਛਲੇ ਸਾਲ ਦੇਸ਼ ਵਿਚ ਨਸਲੀ ਹਮਲਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਿਚ ਤੇਜ਼ੀ ਆਈ ਅਤੇ ਜਾਰਜ ਫਲਾਇਡ, ਇੱਕ ਕਾਲੇ ਆਦਮੀ ਦੀ ਮਿਨੀਆਪੋਲਿਸ ਵਿਚ ਪੁਲਿਸ ਹਿਰਾਸਤ ’ਚ ਮੌਤ ਹੋ ਗਈ।

Share