ਐੱਫ.ਡੀ.ਏ. ਵੱਲੋਂ ਅਮਰੀਕਾ ’ਚ ਮੋਡਰਨਾ ਨੂੰ ਦਿੱਤੀ ਕੋਰੋਨਾ ਟੀਕਾਕਰਨ ਲਈ ਮਨਜ਼ੂਰੀ

510
Share

ਫਰਿਜ਼ਨੋ, 20 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਦੂਜੇ ਕੋਵਿਡ-19 ਟੀਕੇ ਦੀ ਵਰਤੋਂ ਕਰਨ ਨੂੰ ਅਧਿਕਾਰਿਤ ਤੌਰ ’ਤੇ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੁੱਝ ਦਿਨਾਂ ਦੇ ਅੰਦਰ ਹੀ ਵਾਇਰਸ ਨੂੰ ਕਾਬੂ ਕਰਨ ਦੇ ਮਕਸਦ ਨਾਲ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿਚ ਲੱਖਾਂ ਹੋਰ ਟੀਕੇ ਦੀਆਂ ਖੁਰਾਕਾਂ ਨੂੰ ਭੇਜਿਆ ਜਾਵੇਗਾ। ਇਸਦੀ ਮਨਜ਼ੂਰੀ ਦਾ ਐਲਾਨ ਸਲਾਹਕਾਰ ਪੈਨਲ ਦੁਆਰਾ ਟੀਕੇ ਨੂੰ ਅਧਿਕਾਰਤ ਕਰਨ ਦੀ ਸਿਫਾਰਸ਼ ਕਰਨ ਦੇ ਬਾਅਦ ਕੀਤਾ ਗਿਆ ਹੈ। ਇਸ ਟੀਕੇ ਦੇ ਸਮਰਥਨ ਵਿਚ ਟੀਕੇ ਸੰਬੰਧੀ ਸਲਾਹਕਾਰ ਕਮੇਟੀ ਨੇ 20-0 ਨੂੰ ਵੋਟਾਂ ਦਿੱਤੀਆਂ। ਮੋਡਰਨਾ ਕੰਪਨੀ ਦਾ ਇਹ ਟੀਕਾ ਵੀ ਫਾਈਜ਼ਰ ਦੀ ਤਰ੍ਹਾਂ ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਕੰਪਨੀ ਮਾਹਿਰਾਂ ਅਨੁਸਾਰ ਤਕਰੀਬਨ 30,000 ਵਲੰਟੀਅਰਾਂ ਦੇ ਪ੍ਰੀਖਣ ਤੋਂ ਬਾਅਦ, ਮੋਡਰਨਾ ਨੇ ਇਸ ਟੀਕੇ ਨੂੰ ਕੋਵਿਡ-19 ਬਿਮਾਰੀ ਨੂੰ ਰੋਕਣ ਲਈ 94% ਅਸਰਦਾਰ ਦੱਸਿਆ ਹੈ। ਐੱਫ.ਡੀ.ਏ. ਦੇ ਕਮਿਸ਼ਨਰ ਡਾ. ਸਟੀਫਨ ਐਮ ਹਾਨ ਅਨੁਸਾਰ ਅਮਰੀਕਾ ਲਈ ਵਾਇਰਸ ਸੰਬੰਧੀ ਇੱਕ ਹੋਰ ਟੀਕੇ ਨੂੰ ਮਿਲੀ ਮਨਜ਼ੂਰੀ ਕੋਰੋਨਾਵਾਇਰਸ ਦੇ ਇਲਾਜ ਵੱਲ ਪੁੱਟਿਆ ਇੱਕ ਵੱਡਾ ਮਹੱਤਵਪੂਰਨ ਕਦਮ ਹੈ। ਮੋਡਰਨਾ ਕੰਪਨੀ ਦਾ ਇਹ ਟੀਕਾ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦੀ ਸਹਾਇਤਾ ਨਾਲ ਡਾ. ਐਂਥਨੀ ਫੌਚੀ ਦੀ ਅਗਵਾਈ ਵਿਚ ਵਿਕਸਿਤ ਕੀਤਾ ਗਿਆ ਹੈ ਅਤੇ ਡਾ. ਐਂਥਨੀ ਨੇ ਦੋਵਾਂ ਟੀਕਿਆਂ ਦੀ ਤਕਨਾਲੋਜੀ ਨੂੰ ਇੱਕ ਸਮਾਨ ਦੱਸਿਆ ਹੈ। ਮੋਡਰਨਾ ਦੀਆਂ 5.9 ਮਿਲੀਅਨ ਟੀਕੇ ਦੀਆਂ ਖੁਰਾਕਾਂ ਫਾਈਜ਼ਰ ਬਾਇਓਨਟੈਕ ਦੁਆਰਾ ਪ੍ਰਦਾਨ ਕੀਤੀਆਂ ਗਈਆਂ 6.4 ਮਿਲੀਅਨ ਖੁਰਾਕਾਂ ਤੋਂ ਅਲੱਗ ਹੋਣਗੀਆਂ, ਜਿਸ ਨਾਲ ਕਿ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਇਆ ਜਾ ਸਕੇਗਾ।

Share