ਐੱਫ.ਡੀ.ਏ. ਨੇ ਫਾਈਜ਼ਰ-ਬਾਇਓਨਟੈਕ ਕੋਵਿਡ ਟੀਕੇ ਨੂੰ ਦਿੱਤੀ ਪੂਰੀ ਤਰ੍ਹਾਂ ਵਰਤੋਂ ਦੀ ਪ੍ਰਵਾਨਗੀ

409
Share

-ਕੋਰੋਨਾ ਟੀਕਾਕਰਨ ਪ੍ਰਕਿਰਿਆ ’ਚ ਤੇਜ਼ੀ ਆਉਣ ਦੀ ਸੰਭਾਵਨਾ
ਫਰਿਜ਼ਨੋ, 25 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿਚ ਸਿਹਤ ਰੈਗੂਲੇਟਰ ਏਜੰਸੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਦੁਆਰਾ ਸੋਮਵਾਰ ਨੂੰ ਫਾਈਜ਼ਰ ਕੋਵਿਡ-19 ਟੀਕੇ ਨੂੰ ਪੂਰੀ ਤਰ੍ਹਾਂ ਵਰਤੋਂ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜੋ ਕਿ ਹੁਣ ਤੱਕ ਐਮਰਜੈਂਸੀ ਅਧਿਕਾਰ ਤਹਿਤ ਸਨ। ਇਹ ਇੱਕ ਅਜਿਹਾ ਕਦਮ ਹੈ, ਜੋ ਵਧੇਰੇ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਟੀਕੇ ਦੀਆਂ ਜ਼ਰੂਰਤਾਂ ਨੂੰ ਲਾਗੂ ਕਰਨ ਵੱਲ ਲਿਜਾ ਸਕਦਾ ਹੈ। ਇਸ ਪ੍ਰਵਾਨਗੀ ਨਾਲ ਫਾਈਜ਼ਰ ਅਤੇ ਇਸਦੇ ਜਰਮਨ ਸਹਿਭਾਗੀ ਬਾਇਓਨਟੈਕ ਦੁਆਰਾ ਵਿਕਸਿਤ ਕੀਤੀ ਗਈ ਦੋ ਖੁਰਾਕਾਂ ਵਾਲੀ ਵੈਕਸੀਨ ਹੁਣ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਸਭ ਤੋਂ ਮਜ਼ਬੂਤ ਸਮਰਥਨ ਪ੍ਰਾਪਤ ਕਰਦੀ ਹੈ।
ਐੱਫ.ਡੀ.ਏ. ਦੇ ਕਾਰਜਕਾਰੀ ਕਮਿਸ਼ਨਰ ਜੇਨੇਟ ਵੁਡਕੌਕ ਨੇ ਸੋਮਵਾਰ ਨੂੰ ਇਸ ਵੈਕਸੀਨ ਦੀ ਪੂਰੀ ਪ੍ਰਵਾਨਗੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਟੀਕਾ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਨਿਰਮਾਣ ਗੁਣਵੱਤਾ ਦੇ ਉੱਚ ਮਿਆਰਾਂ ਨੂੰ ਪੂਰਾ ਕਰਦਾ ਹੈ। ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੇ ਅਧਿਕਾਰ ਅਧੀਨ ਵੀ ਦਸੰਬਰ ਤੋਂ ਫਾਈਜ਼ਰ ਦੀਆਂ 200 ਮਿਲੀਅਨ ਤੋਂ ਵੱਧ ਖੁਰਾਕਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।
ਯੂ.ਐੱਸ. ਸਰਜਨ ਜਨਰਲ ਨੇ ਐਤਵਾਰ ਨੂੰ ਭਵਿੱਖਬਾਣੀ ਕੀਤੀ ਸੀ ਕਿ ਇਸ ਟੀਕੇ ਦੀ ਪੂਰੀ ਪ੍ਰਮਾਣਿਕਤਾ ਵਧੇਰੇ ਵਿਦਿਅਕ ਸੰਸਥਾਵਾਂ ਅਤੇ ਕਾਰੋਬਾਰਾਂ ਨੂੰ ਟੀਕੇ ਦੇ ਆਦੇਸ਼ਾਂ ਨੂੰ ਲਾਗੂ ਕਰਨ ਦਾ ਕਾਰਨ ਬਣੇਗੀ। ਫਾਈਜਰ ਵੈਕਸੀਨ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਵਰਤੋਂ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਦੇਸ਼ ਵਿਚ ਕੋਰੋਨਾ ਟੀਕਾਕਰਨ ਪ੍ਰਕਿਰਿਆ ’ਚ ਤੇਜ਼ੀ ਆਉਣ ਦੀ ਸੰਭਾਵਨਾ ਵੀ ਹੈ।

Share