ਐੱਫ.ਏ.ਟੀ.ਐੱਫ. ਵੱਲੋਂ ਪਾਕਿ ਸਰਕਾਰ ’ਤੇ ਮਸੂਦ ਅਜ਼ਹਰ ਤੇ ਹਾਫਿਜ਼ ਸਈਦ ਖ਼ਿਲਾਫ਼ ਕਾਰਵਾਈ ਕਰਨ ’ਚ ਨਾਕਾਮ ਰਹਿਣ ਦਾ ਦੋਸ਼

98
Share

ਨਵੀਂ ਦਿੱਲੀ, 25 ਜੂਨ (ਪੰਜਾਬ ਮੇਲ)- ਪੈਰਿਸ ਦੀ ਸੰਸਥਾ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਨੇ ਪਾਕਿਸਤਾਨ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਉਹ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਹਾਫਿਜ਼ ਸਈਦ ਤੇ ਮਸੂਦ ਅਜ਼ਹਰ ਖ਼ਿਲਾਫ਼ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਹੈ। ਇਸ ਕਾਰਨ ਪਾਕਿਸਤਾਨ ਇਸ ਕੌਮਾਂਤਰੀ ਸੰਸਥਾ ਦੀ ‘ਗਰੇਅ ਲਿਸਟ’ ਵਿਚ ਅਜੇ ਵੀ ਸ਼ਾਮਲ ਹੈ। ਐੱਫ.ਏ.ਟੀ.ਐੱਫ. ਦੇ ਮੁਖੀ ਮਾਰਕਸ ਪਲਾਇਰ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਕਿਸਤਾਨ ਨੇ ਕਾਲੇ ਧਨ ਨੂੰ ਸਫੇਦ ਕਰਨ ਸਬੰਧੀ ਮਾਮਲੇ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਦੇਸ਼ ਵਿਚ ਅੱਤਵਾਦ ਫਾਇਨਾਂਸਿੰਗ ਤੇ ਭਿ੍ਰਸ਼ਟਾਚਾਰ ਵਰਗੀਆਂ ਗਤੀਵਿਧੀਆਂ ਵਿਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਮਸੂਦ ਅਜ਼ਹਰ ਅੱਤਵਾਦੀ ਗਿਰੋਹ ਜੈਸ਼-ਏ-ਮੁਹੰਮਦ ਦਾ ਮੁਖੀ ਹੈ, ਜਦੋਂਕਿ ਹਾਫਿਜ਼ ਸਈਦ ਅੱਤਵਾਦੀ ਗਿਰੋਹ ‘ਲਸ਼ਕਰ-ਏ-ਤਾਇਬਾ’ ਦਾ ਸੰਸਥਾਪਕ ਹੈ ਅਤੇ ਜ਼ਕੀਰ ਰਹਿਮਾਨ ਲਖਵੀ ਇਸ ਗਿਰੋਹ ਦਾ ਅਪਰੇਸ਼ਨਲ ਕਮਾਂਡਰ ਹੈ। ਇਹ ਤਿੰਨੋਂ ਅੱਤਵਾਦੀ ਭਾਰਤ ਵੱਲੋਂ ਲੋੜੀਂਦੇ ਹਨ। ਭਾਰਤ ’ਚ 26/11 ਨੂੰ ਹੋਏ ਮੁੰਬਈ ਹਮਲੇ ਤੇ 2019 ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸੀ.ਆਰ.ਪੀ.ਐੱਫ. ਦੀ ਬੱਸ ’ਤੇ ਕੀਤੇ ਗਏ ਹਮਲਿਆਂ ਵਿਚ ਇਨ੍ਹਾਂ ਅੱਤਵਾਦੀਆਂ ਦਾ ਹੱਥ ਹੋਣ ਦਾ ਦੋਸ਼ ਹੈ।

Share