ਐੱਨ.ਆਰ.ਆਈ. ਲਾੜਿਆਂ ਵੱਲੋਂ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਪੰਜਾਬ ਮਹਿਲਾ ਕਮਿਸ਼ਨ ਕਰੇਗਾ ਡੀ.ਜੀ.ਪੀ. ਪੰਜਾਬ ਨਾਲ ਮੀਟਿੰਗ

508
Share

ਮੋਹਾਲੀ, 5 ਅਗਸਤ (ਪੰਜਾਬ ਮੇਲ)-ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਲਦ ਹੀ ਸੂਬੇ ਵਿਚ ਦਿਨੋਂ-ਦਿਨ ਵੱਧ ਰਹੇ ਐੱਨ.ਆਰ.ਆਈ. ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਹਿੱਤ ਡੀ.ਜੀ.ਪੀ. ਪੰਜਾਬ ਨਾਲ ਇਕ ਮੀਟਿੰਗ ਕੀਤੀ ਜਾਵੇਗੀ।
ਇਹ ਜਾਣਕਾਰੀ ਵੀਰਵਾਰ ਇਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਏ.ਡੀ.ਜੀ.ਪੀ. (ਐੱਨ.ਆਰ.ਆਈ. ਮਾਮਲੇ) ਏ.ਐੱਸ. ਰਾਏ ਨਾਲ ਪੰਜਾਬ ਰਾਜ ਵਿਚ ਦਿਨੋਂ-ਦਿਨ ਸਾਹਮਣੇ ਆ ਰਹੇ ਐੱਨ.ਆਰ.ਆਈ. ਲਾੜਿਆਂ ਵੱਲੋਂ ਲੜਕੀਆਂ ਨਾਲ ਕੀਤੇ ਗਏ ਧੋਖਾਧੜੀ ਦੇ ਮਾਮਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਵਿਚਾਰ-ਵਟਾਂਦਰਾ ਕਰਨ ਲਈ ਰੱਖੀ ਗਈ ਮੀਟਿੰਗ ਉਪਰੰਤ ਦਿੱਤੀ।
ਮੀਟਿੰਗ ਬਾਰੇ ਸ਼੍ਰੀਮਤੀ ਗੁਲਾਟੀ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਦੌਰਾਨ ਕਮਿਸ਼ਨ ਕੋਲ ਬਹੁਤ ਜ਼ਿਆਦਾ ਗਿਣਤੀ ਵਿਚ ਐੱਨ.ਆਰ.ਆਈ. ਲੜਕਿਆਂ ਵੱਲੋਂ ਲੜਕੀਆਂ ਨਾਲ ਧੋਖਾਧੜੀ ਕਰਨ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐੱਨ.ਆਰ.ਆਈ. ਲੜਕਿਆਂ ਵੱਲੋਂ ਸੂਬੇ ਦੀਆਂ ਲੜਕੀਆਂ ਦਾ ਆਰਥਿਕ, ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਸ਼੍ਰੀਮਤੀ ਗੁਲਾਟੀ ਨੇ ਕਿਹਾ ਇਸ ਮੀਟਿੰਗ ਵਿਚ ਪੰਜਾਬ ਰਾਜ ਦੇ ਐੱਨ.ਆਰ.ਆਈ. ਵਿੰਗ ਦੇ ਬਾਕੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਅਤੇ ਐੱਨ.ਆਰ.ਆਈ. ਲਾੜਿਆਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਦੇ ਮਾਮਲਿਆਂ ਨੂੰ ਤੇਜ਼ੀ ਨਾਲ ਨਜਿੱਠਣ ਲਈ ਖਾਕਾ ਤਿਆਰ ਕੀਤਾ ਜਾਵੇਗਾ।

Share