ਐੱਨ.ਆਰ.ਆਈ. ਮਸਲਿਆਂ ਨੂੰ ਚੋਣ ਮੈਨੀਫੈਸਟੋ ’ਚ ਰੱਖਿਆ ਜਾਵੇਗਾ : ਅਮਨ ਅਰੋੜਾ

152
ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੂੰ ਆਪਣੀ ਕਿਤਾਬ ਭੇਂਟ ਕਰਦੇ ਸਮੇਂ। ਨਾਲ ਗੁਲਿੰਦਰ ਗਿੱਲ ਵੀ ਮੌਜੂਦ ਹਨ।
Share

-ਪ੍ਰਵਾਸੀ ਪੰਜਾਬੀਆਂ ਨੂੰ ਪਹਿਲਾਂ ਵਾਂਗ ਹੀ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ’ਚ ਹਮਾਇਤ ਦੇਣ ਦੀ ਅਪੀਲ
ਸੈਕਰਾਮੈਂਟੋ, 14 ਅਪ੍ਰੈਲ (ਪੰਜਾਬ ਮੇਲ)- ਆਮ ਆਦਮੀ ਪਾਰਟੀ ਵੱਲੋਂ ਐੱਨ.ਆਰ.ਆਈ. ਮਸਲਿਆਂ ਨੂੰ ਨਜਿੱਠਣ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਮੈਨੀਫੈਸਟੋ ’ਚ ਰੱਖਿਆ ਜਾਵੇਗਾ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਪੇਸ਼ ਕੀਤੇ। ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ’ਤੇ ਹੋਈ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਇਸ ਕਰਕੇ ਇਨ੍ਹਾਂ ਨੂੰ ਵੀ ਆਉਣ ਵਾਲੀਆਂ ਚੋਣਾਂ ’ਚ ਤਰਜੀਹ ਦਿੱਤੀ ਜਾਵੇਗੀ। ਨਵਜੋਤ ਸਿੰਘ ਸਿੱਧੂ ਦੇ ਪਾਰਟੀ ਵਿਚ ਆਉਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਬਾਰੇ ਸਾਡੀ ਪਾਰਟੀ ਹਾਈਕਮਾਂਡ ਜੋ ਫੈਸਲਾ ਲਵੇਗੀ, ਸਾਡੇ ਸਿਰ ਮੱਥੇ ਹੋਵੇਗਾ। ਅਮਨ ਅਰੋੜਾ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਅਤੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਮਸਲਾ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਹਮੇਸ਼ਾ ਹੀ ਅੰਦੋਲਨ ’ਤੇ ਬੈਠੇ ਕਿਸਾਨਾਂ ਦੀ ਹਮਾਇਤ ਕੀਤੀ ਹੈ ਅਤੇ ਉਨ੍ਹਾਂ ਨੂੰ ਉਥੇ ਬੈਠਿਆਂ ਨੂੰ ਬਣਦੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ।
ਅਮਨ ਅਰੋੜਾ ਨੇ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਹਿਲਾਂ ਵਾਂਗ ਹੀ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਹਮਾਇਤ ਦੇਣ, ਤਾਂ ਜੋ ਪੰਜਾਬ ਵਿਚ ਇਕ ਸਾਫ-ਸੁਥਰੀ ਸਰਕਾਰ ਲਿਆਂਦੀ ਜਾ ਸਕੇ। ਇਸ ਮੌਕੇ ਪੰਜਾਬ ਮੇਲ ਯੂ.ਐੱਸ.ਏ. ਦੇ ਚੀਫ ਅਡੀਟਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਅਮਨ ਅਰੋੜਾ ਨੂੰ ਆਪਣੀ ਲਿਖੀ ਹੋਈ ਇਕ ਕਿਤਾਬ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਨਾਲ ਗੁਲਿੰਦਰ ਗਿੱਲ ਵੀ ਹਾਜ਼ਰ ਸਨ।

Share