ਐੱਨ.ਆਈ.ਏ. ਵੱਲੋਂ ਮੁਅੱਤਲ ਡੀ.ਐੱਸ.ਪੀ. ਦਵਿੰਦਰ ਸਿੰਘ ਸਮੇਤ 6 ਲੋਕਾਂ ਖ਼ਿਲਾਫ਼ ਦੋਸ਼-ਪੱਤਰ ਦਾਇਰ

797
Share

ਸ੍ਰੀਨਗਰ, 7 ਜੁਲਾਈ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀ.ਐੱਸ.ਪੀ. ਦਵਿੰਦਰ ਸਿੰਘ ਸਮੇਤ 6 ਲੋਕਾਂ ਖ਼ਿਲਾਫ਼ ਦੇਸ਼ ‘ਚ ਅੱਤਵਾਦ ਫੈਲਾਉਣ ਦੇ ਦੋਸ਼ ਲਗਾਉਂਦਿਆ ਦੋਸ਼-ਪੱਤਰ ਦਾਇਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀ.ਐੱਸ.ਪੀ. ਵਲੋਂ ਦਾਇਰ ਕੀਤੇ ਗਏ ਦੋਸ਼-ਪੱਤਰ ‘ਚ ਮੁਅੱਤਲ ਡੀ.ਐੱਸ.ਪੀ. ਦਵਿੰਦਰ ਸਿੰਘ ਤੋਂ ਇਲਾਵਾ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਸਈਦ ਨਾਵੇਦ ਮੁਸ਼ਤਾਕ ਉਰਫ਼ ਨਵੀਦ ਬਾਬੂ, ਇਸੇ ਸੰਗਠਨ ਦੇ ਓਵਰ-ਗਰਾਉਂਡ ਵਰਕਰ ਇਰਫਾਨ ਸ਼ਾਫੀ ਮੀਰ ਤੇ ਰਫੀ ਅਹਿਮਦ ਰਾਠਰ, ਕਾਰੋਬਾਰੀ ਤਨਵੀਰ ਅਹਿਮਦ ਵਾਨੀ ਤੇ ਨਵੀਦ ਬਾਬੂ ਦੇ ਭਰਾ ਸਈਦ ਇਰਫਾਨ ਅਹਿਮਦ ਦੇ ਨਾਂਅ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਜਨਵਰੀ ‘ਚ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਡੀ.ਐੱਸ.ਪੀ. ਦਵਿੰਦਰ ਸਿੰਘ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਜ਼ਰੀਏ ਪਾਕਿਸਤਾਨੀ ਹਾਈ ਕਮਿਸ਼ਨਰ ਨਾਲ ਸੰਪਰਕ ਬਣੇ ਹੋਏ ਸਨ। ਗ੍ਰਿਫ਼ਤਾਰੀ ਤੋਂ ਕਰੀਬ 6 ਮਹੀਨੇ ਬਾਅਦ ਐੱਨ.ਆਈ.ਏ. ਵਲੋਂ ਮੁਅੱਤਲ ਡੀ.ਐੱਸ.ਪੀ. ਸਮੇਤ 6 ਲੋਕਾਂ ਖ਼ਿਲਾਫ਼ ਗੈਰ-ਕਾਨੂੰਨੀ ਗਤੀਵਿਧੀਆਂ, ਅਸਲ੍ਹਾ ਤੇ ਧਮਾਕਾਖੇਜ਼ ਐਕਟ ਦੀਆਂ ਧਾਰਾਵਾਂ ਤਹਿਤ 5 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।


Share