ਐੱਨ.ਆਈ.ਏ. ਅਦਾਲਤ ਨੇ ਮੁਅੱਤਲ ਪੁਲਿਸ ਅਧਿਕਾਰੀ ਸਚਿਨ ਵਜ਼ੇ ਨੂੰ 23 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ

143
Share

-ਅਦਾਲਤ ਨੇ ਦਸਤਾਵੇਜ਼ ਲੀਕ ਕਰਨ ’ਤੇ ਮੁਅੱਤਲ ਅਧਿਕਾਰੀ ਨੂੰ ਝਾੜ ਪਾਈ
ਮੁੰਬਈ, 9 ਅਪ੍ਰੈਲ (ਪੰਜਾਬ ਮੇਲ)- ਐੱਨ.ਆਈ.ਏ. ਦੀ ਇੱਕ ਵਿਸ਼ੇਸ਼ ਅਦਾਲਤ ਨੇ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਨੇੜਿਓਂ ਇੱਕ ਐੱਸ.ਯੂ.ਵੀ. ਗੱਡੀ ’ਚ ਧਮਾਕਾਖੇਜ਼ ਛੜਾਂ ਮਿਲਣ ਤੇ ਕਾਰੋਬਾਰੀ ਮਨਸੁਖ ਹਿਰੇਨ ਦੀ ਮੌਤ ਦੇ ਮਾਮਲੇ ’ਚ ਮੁਅੱਤਲ ਪੁਲਿਸ ਅਧਿਕਾਰੀ ਸਚਿਨ ਵਜ਼ੇ ਨੂੰ 23 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਵਜ਼ੇ, ਜਿਸ ਨੂੰ 13 ਮਾਰਚ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ, ਦਾ ਐੱਨ.ਆਈ.ਏ. ਰਿਮਾਂਡ ਮੁੱਕਣ ਮਗਰੋਂ ਅੱਜ ਉਸਨੂੰ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਜੱਜ ਨੇ ਉਸ ਨੂੰਦਸਤਾਵੇਜ਼ ਮੀਡੀਆ ’ਚ ਲੀਕ ਕਰਨ ’ਤੇ ਝਾੜ ਪਾਈ। ਜ਼ਿਕਰਯੋਗ ਹੈ ਕਿ ਵਜੇ ਨੇ 7 ਅਪ੍ਰੈਲ ਨੂੰ ਇੱਕ ਪੱਤਰ ਰਿਲੀਜ਼ ਕੀਤਾ ਸੀ, ਜਿਸ ਵਿਚ ਉਸ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਵੱਲੋਂ ਉਸ ਦੀਆਂ ਸੇਵਾਵਾਂ ਜਾਰੀ ਰੱਖਣ ਲਈ 2 ਕਰੋੜ ਰੁਪਏ ਮੰਗੇ ਜਾਣ ਦਾ ਦਾਅਵਾ ਕੀਤਾ ਸੀ ਅਤੇ ਇੱਕ ਹੋੋਰ ਮੰਤਰੀ ਅਨਿਲ ਪਰਬ ’ਤੇ ਠੇਕੇਦਾਰਾਂ ਤੋਂ 3 ਕਰੋੜ ਰੁਪਏ ਉਗਰਾਹੁਣ ਲਈ ਕਹਿਣ ਦਾ ਕਥਿਤ ਦੋਸ਼ ਲਾਇਆ ਸੀ। ਅਤਿਵਾਦੀ ਵਿਰੋਧੀ ਏਜੰਸੀ ਵੱਲੋਂ ਉਸ ਦੀ ਹਿਰਾਸਤ ਲਈ ਜ਼ੋਰ ਨਾ ਦਿੱਤੇ ਜਾਣ ’ਤੇ ਵਿਸ਼ੇਸ਼ ਜੱਜ ਪੀ.ਆਰ. ਸਿਤਰੇ ਵੱਲੋਂ ਸਹਾਇਕ ਪੁਲਿਸ ਇੰਸਪੈਕਟਰ (ਏ.ਪੀ.ਆਈ.) ਨੂੰ 23 ਅਪ੍ਰੈਲ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਵਜ਼ੇ ਨੂੰ ਨਿਆਂਇਕ ਹਿਰਾਸਤ ’ਚ ਭੇਜੇ ਜਾਣ ਦੀ ਮਗਰੋਂ ਬਚਾਅ ਧਿਰ ਦੇ ਵਕੀਲ ਅਬਦ ਪੋਂਡਾ ਜੱਜ ਨੂੰ ਅਪੀਲ ਕੀਤੀ ਕਿ ਜੇਲ੍ਹ ਵਿਚ ਉਸ ਨੂੰ ਸੁਰੱਖਿਅਤ ਸੈੱਲ ਮੁਹੱਈਆ ਕਰਵਾਇਆ ਜਾਵੇ। ਸਚਿਨ ਵਜ਼ੇ ਨੂੰ ਨਵੀਂ ਮੁੰਬਈ ਨਾਲ ਲੱਗਦੀ ਤਾਲੋਜਾ ਜੇਲ੍ਹ ’ਚ ਲਿਜਾਇਆ ਗਿਆ।

Share