ਐੱਨ.ਆਈ.ਏ. ਅਤੇ ਆਈ.ਬੀ. ਵੱਲੋਂ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ’ਤੇ ਛਾਪਾ; ਪੁੱਤਰ ‘ਗਿ੍ਰਫ਼ਤਾਰ’

414
Share

ਜਲੰਧਰ, 20 ਅਗਸਤ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਤੇ ਚੌਕਸੀ ਬਿਊਰੋ (ਆਈ.ਬੀ.) ਨੇ ਬੀਤੀ ਰਾਤ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰ ’ਤੇ ਛਾਪਾ ਮਾਰਿਆ। ਇਸ ਸਬੰਧ ’ਚ ਭਾਵੇਂ ਸਰਕਾਰੀ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਥੇ ਹਰਦਿਆਲ ਨਗਰ ਸਥਿਤ ਜਥੇਦਾਰ ਰੋਡੇ ਦੀ ਰਿਹਾਇਸ਼ ’ਤੇ ਜਾਂਚ ਟੀਮਾਂ ਪਹੁੰਚੀਆਂ। ਇਨ੍ਹਾਂ ਟੀਮਾਂ ਵਿਚ ਜਾਂਚ ਏਜੰਸੀਆਂ ਦੇ 20 ਮੈਂਬਰ ਸ਼ਾਮਲ ਸਨ ਤੇ ਪਤਾ ਲੱਗਾ ਹੈ ਕਿ ਟੀਮ ਨੇ ਧਮਾਕਾਖੇਜ਼ ਸਮੱਗਰੀ (ਆਈ.ਈ.ਡੀ.) ਬਰਾਮਦ ਕਰਨ ਮਗਰੋਂ ਜਸਬੀਰ ਸਿੰਘ ਰੋਡੇ ਦੇ ਪੁੱਤਰ ਗੁਰਮੁੱਖ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਛਾਪਾ ਮਾਰਨ ਵੇਲੇ ਜਥੇਦਾਰ ਰੋਡੇ ਘਰ ਵਿਚ ਹੀ ਸਨ। ਉਨ੍ਹਾਂ ਦੀ ਹਾਲ ਹੀ ਵਿਚ ਸਰਜਰੀ ਹੋਈ ਹੈ। ਇਹ ਵੀ ਖਬਰ ਮਿਲੀ ਹੈ ਕਿ ਐੱਨ.ਆਈ.ਏ. ਬਰਾਮਦ ਕੀਤੀ ਧਮਾਕਾਖੇਜ਼ ਸਮੱਗਰੀ ਨੂੰ ਅੰਮਿ੍ਰਤਸਰ ਦੇ ਟਿਫਨ ਬੰਬ ਕੇਸ ਨਾਲ ਜੋੜ ਕੇ ਵੇਖ ਰਹੀ ਹੈ। ਛਾਪੇ ਬਾਰੇ ਜਦੋਂ ਮੀਡੀਆ ਨੂੰ ਪਤਾ ਲੱਗਾ ਤਾਂ ਪੱਤਰਕਾਰ ਜਥੇਦਾਰ ਰੋਡੇ ਦੇ ਘਰ ਅੱਗੇ ਪਹੁੰਚ ਗਏ। ਜਥੇਦਾਰ ਜਸਬੀਰ ਸਿੰਘ ਰੋਡੇ ਨੇ ਸਪੱਸ਼ਟੀਕਰਨ ਦਿੱਤਾ ਕਿ ਜਾਂਚ ਏਜੰਸੀਆਂ ਉਸ ਦੇ ਪੁੱਤਰ ਨੂੰ ਨਾਲ ਲੈ ਗਈਆਂ ਹਨ ਪਰ ਉਨ੍ਹਾਂ ਦੇ ਘਰ ਵਿਚੋਂ ਆਈ.ਈ.ਡੀ. ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਨੂੰ ਝੂਠਾ ਫਸਾਇਆ ਜਾ ਰਿਹਾ ਹੈ।

Share