ਐੱਨਸੀਬੀ ਵੱਲੋਂ ਦੀਪਿਕਾ ਪਾਦੂਕੋਣ, ਸ਼੍ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਤੋਂ ਪੁੱਛ-ਪੜਤਾਲ

504
Share

ਮੁੰਬਈ, 26 ਸਤੰਬਰ (ਪੰਜਾਬ ਮੇਲ)- ਅਦਾਕਾਰਾ ਦੀਪਿਕਾ ਪਾਦੂਕੋਣ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਨਾਰਕੋਟਿਕਸ ਕੇਸ ਦੀ ਜਾਂਚ ਦੇ ਸਬੰਧ ਵਿਚ ਬਿਆਨ ਦਰਜ ਕਰਵਾਉਣ ਲਈ ਅੱਜ ਸਵੇਰੇ ਦੱਖਣੀ ਮੁੰਬਈ ਵਿਚ ਐੱਨਸੀਬੀ ਦਫ਼ਤਰ ਪਹੁੰਚੀ। ਉਸ ਤੋਂ ਬਾਅਦ ਦੀਪਿਕਾ ਦੀ ਮੈਨਜਰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਉਥੇ ਆ ਗਈ। ਸੁਸ਼ਾਂਤ ਰਾਜਪੂਤ ਦੀ ਮੌਤ ਨਾਲ ਜੁੜੇ ਨਸ਼ੇ ਦੇ ਮਾਮਲੇ ਵਿੱਚ ਅਦਾਕਾਰਾ ਸ਼੍ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਵੀ ਅੱਜ ਐੱਨਸੀਬੀ ਦੇ ਦਫ਼ਤਰ ਪੁੱਜ ਗਈਆਂ। ਦੋਵੇ ਅਭਿਨੇਤਰੀਆਂ ਵੱਖ ਵੱਖ ਸਮੇਂ ’ਤੇ ਬਾਅਦ ਦੁਪਹਿਰ ਐੱਨਸੀਬੀ ਦੇ ਬਲਾਰਟ ਅਸਟੇਟ ਵਿਚਲੇ ਖੇਤਰੀ ਦਫਤਰ ਪੁੱਜੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਦੀਪਿਕਾ ਸਵੇਰੇ 9:50 ਵਜੇ ਇਕ ਛੋਟੀ ਜਿਹੀ ਕਾਰ ਵਿਚ ਕੋਲਾਬਾ ਵਿਚ ਐਨਸੀਬੀ ਦਫ਼ਤਰ ਪੁੱਜੀ। ਐੱਨਸੀਬੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਹੈ ਅਤੇ ਦਫਤਰ ਦੇ ਬਾਹਰ ਬੈਰੀਕੇਡਸ ਲਗਾਏ ਗਏ ਹਨ। ਵੱਡੀ ਗਿਣਤੀ ਵਿਚ ਮੀਡੀਆ ਉਥੇ ਮੌਜੂਦ ਹੈ। ਦੀਪਿਕਾ ਨੂੰ ਐਨਸੀਬੀ ਨੇ ਕਥਿਤ ਬਾਲੀਵੁੱਡ-ਡਰੱਗ ਗੱਠਜੋੜ ਦੀ ਜਾਂਚ ਦੇ ਸਬੰਧ ਵਿਚ ਪੁੱਛ-ਪੜਤਾਲ ਲਈ ਬੁਲਾਇਆ ਹੈ। ਅਜਿਹੀਆਂ ਖਬਰਾਂ ਆਈਆਂ ਹਨ ਕਿ ਦੀਪਿਕਾ ਦੇ ਪਤੀ ਅਦਾਕਾਰ ਰਣਵੀਰ ਸਿੰਘ ਨੇ ਏਜੰਸੀ ਨੂੰ ਪੁੱਛਿਆ ਹੈ ਕਿ ਕੀ ਉਹ ਪੁੱਛ ਪੜਤਾਲ ਦੌਰਾਨ ਆਪਣੀ ਪਤਨੀ ਕੋਲ ਰਹਿ ਸਕਦਾ ਹੈ। ਹਾਲਾਂਕਿ ਐੱਨਸੀਬੀ ਨੇ ਸ਼ੁੱਕਰਵਾਰ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਬੇਨਤੀ ਨਹੀਂ ਮਿਲੀ ਹੈ। ਦੀਪਿਕਾ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਨੂੰ ਵੀ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ। ਕ੍ਰਿਸ਼ਮਾ ਆਪਣੇ ਬਿਆਨ ਦਰਜ ਕਰਨ ਲਈ ਸ਼ੁੱਕਰਵਾਰ ਨੂੰ ਐਨਸੀਬੀ ਸਾਹਮਣੇ ਪੇਸ਼ ਹੋਈ। ਐਨਸੀਬੀ ਦੇ ਸੂਤਰਾਂ ਨੇ ਕਿਹਾ ਸੀ ਕਿ ਕ੍ਰਿਸ਼ਮਾ ਪ੍ਰਕਾਸ਼ ਦੀ ਵਟਸਐਪ ਚੈਟ ਨੇ ਉਸ ਦੀ ‘ਡੀ’ ਨਾਲ ਹੋਈ ਗੱਲਬਾਤ ਦਾ ਖੁਲਾਸਾ ਕੀਤਾ ਅਤੇ ਕੇਂਦਰੀ ਏਜੰਸੀ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਵਿਅਕਤੀ ਕੌਣ ਹੈ। ਸੂਤਰਾਂ ਮੁਤਾਬਕ ਦੀਪਿਕਾ ਤੇ ਕ੍ਰਿਸ਼ਮਾ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ।


Share