ਐੱਚ-4 ਵੀਜ਼ੇ ਦੇ ਨਵੀਨੀਕਰਨ ’ਚ ਕੀਤੀ ਜਾ ਰਹੀ ਗ਼ੈਰ-ਜ਼ਰੂਰੀ ਦੇਰੀ

368
Share

ਵਾਸ਼ਿੰਗਟਨ, 10 ਮਾਰਚ (ਪੰਜਾਬ ਮੇਲ)- ਅਮਰੀਕਾ ਸਥਿਤ ਭਾਰਤੀ ਔਰਤਾਂ ਨੇ ਦੋਸ਼ ਲਗਾਇਆ ਹੈ ਕਿ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਵਾਲੇ ਐੱਚ-4 ਵੀਜ਼ੇ ਦੇ ਨਵੀਨੀਕਰਨ ਵਿਚ ਗ਼ੈਰ-ਜ਼ਰੂਰੀ ਦੇਰੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਐੱਚ-4 ਵੀਜ਼ਾ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂ.ਐੱਸ.ਸੀ.ਆਈ.ਐੱਸ.) ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਹ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਅਤੇ ਉਨ੍ਹਾਂ ਦੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਐੱਚ-1ਬੀ ਵੀਜ਼ਾ ਦੀ ਗੱਲ ਕਰੀਏ ਤਾਂ ਇਸ ਨੂੰ ਵਿਸ਼ੇਸ਼ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ। ਅਮਰੀਕੀ ਕੰਪਨੀਆਂ ਦੂਜੇ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਨੂੰ ਨਿਯੁਕਤ ਕਰਨ ਦੇ ਬਾਅਦ ਸਰਕਾਰ ਤੋਂ ਇਨ੍ਹਾਂ ਲੋਕਾਂ ਲਈ ਐੱਚ-1ਬੀ ਵੀਜ਼ੇ ਦੀ ਮੰਗ ਕਰਦੀਆਂ ਹਨ। ਅਮਰੀਕਾ ਦੀਆਂ ਜ਼ਿਆਦਾਤਰ ਆਈ.ਟੀ. ਕੰਪਨੀਆਂ ਹਰੇਕ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਲੱਖਾਂ ਕਰਮਚਾਰੀਆਂ ਦੀ ਨਿਯੁਕਤੀ ਇਸੇ ਵੀਜ਼ੇ ਰਾਹੀਂ ਕਰਦੀਆਂ ਹਨ। ਐੱਚ-1ਬੀ ਵੀਜ਼ਾ ਗ਼ੈਰ-ਇਮੀਗ੍ਰੇਸ਼ਨ ਵੀਜ਼ਾ ਹੈ। ਐੱਚ-4 ਵੀਜ਼ਾ ਜਾਰੀ ਕਰਨ ਵਿਚ ਹੋ ਰਹੀ ਦੇਰੀ ਖ਼ਿਲਾਫ਼ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਭਾਰਤੀ ਔਰਤਾਂ ਨੇ ਕੈਲੀਫੋਰਨੀਆ ਦੇ ਸੈਨਹੋਜ਼ੇ ’ਚ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਔਰਤਾਂ ਨੇ ਆਪਣਾ ਰੁਜ਼ਗਾਰ ਬਚਾਉਣ ਲਈ ਸਰਕਾਰ ਨੂੰ ਅਪੀਲ ਕੀਤੀ। ਐੱਚ-1ਬੀ ਵੀਜ਼ਾ ਧਾਰਕਾਂ ਦੇ ਜ਼ਿਆਦਾਤਰ ਜੀਵਨ ਸਾਥੀ ਔਰਤਾਂ ਹਨ ਅਤੇ ਓਬਾਮਾ ਸ਼ਾਸਨ ਕਾਲ ਦੌਰਾਨ ਇਨ੍ਹਾਂ ਨੂੰ ਅਮਰੀਕਾ ’ਚ ਰੁਜ਼ਗਾਰ ਕਰਨ ਸਬੰਧੀ ਇਜਾਜ਼ਤ ਦਿੱਤੀ ਗਈ ਸੀ।

Share