ਐੱਚ-1ਬੀ ਵੀਜ਼ਾ ਨਿਯਮਾਂ ’ਚ ਅਮਰੀਕਾ ਵੱਲੋਂ ਸੋਧ

709
Share

-ਲਾਟਰੀ ਪ੍ਰਕਿਰਿਆ ਦੀ ਥਾਂ ਤਨਖਾਹ ਤੇ ਹੁਨਰ ਨੂੰ ਦਿੱਤੀ ਜਾਵੇਗੀ ਪਹਿਲ
ਵਾਸ਼ਿੰਗਟਨ, 8 ਜਨਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ ਸ਼ੁੱਕਰਵਾਰ ਨੂੰ ਐੱਚ-1ਬੀ ਵੀਜ਼ਾ ਲਈ ਚੁਣਨ ਦੀ ਪ੍ਰਕਿਰਿਆ ’ਚ ਸੋਧ ਕਰਨ ਦਾ ਐਲਾਨ ਕੀਤਾ ਗਿਆ ਤੇ ਹੁਣ ਲਾਟਰੀ ਪ੍ਰਕਿਰਿਆ ਦੀ ਥਾਂ ਤਨਖ਼ਾਹ ਤੇ ਹੁਨਰ ਨੂੰ ਪਹਿਲ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਆਖਰੀ ਨਿਯਮ ਪ੍ਰਕਾਸ਼ਿਤ ਹੋ ਗਏ ਹਨ ਤੇ ਇਹ 60 ਦਿਨਾਂ ਵਿਚ ਲਾਗੂ ਹੋਵੇਗੇ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਅਮਰੀਕੀ ਕਾਮਿਆਂ ਦੇ ਆਰਥਿਕ ਹਿੱਤਾਂ ਦੀ ਸੁਰੱਖਿਆ ਕਰਨਾ ਹੈ। ਇਸ ਦੇ ਨਾਲ ਹੀ ਇਹ ਵੀ ਸੁਨਿਸ਼ਚਿਤ ਕਰਨਾ ਹੈ ਕਿ ਅਸਥਾਈ ਰੁਜ਼ਗਾਰ ਪ੍ਰੋਗਰਾਮ ਨਾਲ ਉੱਚ ਕੁਸ਼ਲਤਾ ਜਾਂ ਹੁਨਰ ਰੱਖਣ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ ਲਾਭ ਹੋਵੇ।
ਐੱਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਉੱਚ ਅਹੁਦਿਆਂ ’ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਅਮਰੀਕਾ ਦੀਆਂ ਤਕਨੀਕੀ ਕੰਪਨੀਆਂ ਇਸ ਵੀਜ਼ੇ ਦੇ ਆਧਾਰ ’ਤੇ ਭਾਰਤ ਤੇ ਚੀਨ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਕਰਮਚਾਰੀਆਂ ਦੀ ਨਿਯੁਕਤੀ ਕਰਦੀਆਂ ਹਨ।¿;
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਵਿਭਾਗ ਨੇ ਕਿਹਾ ਕਿ ਐੱਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਵਿਚ ਸੋਧ ਨਾਲ ਮਾਲਕਾਂ ਨੂੰ ਉੱਚ ਤਨਖ਼ਾਹ ਅਤੇ ਉੱਚ ਅਹੁਦਿਆਂ ’ਤੇ ਅਰਜ਼ੀਆਂ ਜਾਰੀ ਕਰਨ ਵਿਚ ਉਤਸ਼ਾਹ ਮਿਲੇਗਾ। ਇਸ ਦੇ ਨਾਲ ਹੀ ਕੰਪਨੀਆਂ ਲਈ ਜ਼ਰੂਰਤ ਮੁਤਾਬਕ ਕਰਮਚਾਰੀਆਂ ਨੂੰ ਰੱਖਣ ਤੇ ਖ਼ੁਦ ਨੂੰ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਬਣਾਏ ਰੱਖਣ ਦਾ ਰਾਹ ਪੱਧਰਾ ਹੋਵੇਗਾ। ਐੱਚ-1ਬੀ ਵੀਜ਼ਾ ਪ੍ਰੋਗਰਾਮ ਲਈ ਅਰਜ਼ੀ ਦੇਣ ਦਾ ਅਗਲਾ ਪੜਾਅ ਇਕ ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।

Share