
ਚੰਡੀਗੜ੍ਹ ਤੇ ਪਟਿਆਲਾ ਤੋਂ ਬਾਅਦ ਅੰਮ੍ਰਿਤਸਰ ‘ਚ ਸਥਾਪਤ ਕੀਤਾ ਵਿਸ਼ੇਸ਼ ਡਾਇਲਸਿਸ ਯੂਨਿਟ
ਕਰੋਨਾ ਸੰਕਟ ਦੌਰਾਨ ਵੀ ਨਿਰੰਤਰ ਕੰਮ ਰਹੇ ਹਨ ਟਰੱਸਟ ਦੇ 98 ਡਾਇਲਸਿਸ ਯੂਨਿਟ : ਡਾ. ਓਬਰਾਏ
ਅੰਮ੍ਰਿਤਸਰ, 3 ਜੂਨ (ਪੰਜਾਬ ਮੇਲ)- ਮਨੁੱਖਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ.ਪੀ. ਸਿੰਘ ਉਬਰਾਏ ਵੱਲੋਂ ਸਥਾਨਕ ਈ.ਐੱਮ.ਸੀ. ਹਸਪਤਾਲ ‘ਚ ਚੱਲ ਰਹੇ ਟਰੱਸਟ ਦੇ ਡਾਇਲਸਿਸ ਕੇਂਦਰ ਦਾ ਵਿਸਥਾਰ ਕਰਦਿਆਂ ਹੁਣ ਐੱਚ.ਆਈ.ਵੀ. ਪੀੜਤ ਮਰੀਜ਼ਾਂ ਦੀ ਸਹੂਲਤ ਲਈ ਵੀ ਇੱਕ ਵਿਸ਼ੇਸ਼ ਡਾਇਲਸਿਸ ਯੂਨਿਟ ਦੀ ਸਥਾਪਨਾ ਕੀਤੀ ਹੈ।
ਡਾਇਲਸਿਸ ਯੂਨਿਟ ਦਾ ਉਦਘਾਟਨ ਕਰਨ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ.ਪੀ. ਸਿੰਘ ਸਿੰਘ ਓਬਰਾਏ ਨੇ ਦੱਸਿਆ ਕਿ ਪੰਜਾਬ ਅੰਦਰ ਕੁਝ ਮਰੀਜ਼ ਅਜਿਹੇ ਵੀ ਹਨ, ਜੋ ਗੁਰਦੇ ਦੀ ਬਿਮਾਰੀ ਨਾਲ-ਨਾਲ ਐੱਚ.ਆਈ.ਵੀ. ਪਾਜ਼ੀਟਿਵ ਵੀ ਹਨ। ਪਹਿਲੀ ਗੱਲ ਤਾਂ ਅਜਿਹੇ ਮਰੀਜ਼ਾਂ ਦਾ ਡਾਇਲਸਿਸ ਕਰਨ ਨੂੰ ਕੋਈ ਹਸਪਤਾਲ ਛੇਤੀ ਤਿਆਰ ਨਹੀਂ ਹੁੰਦਾ, ਜੇਕਰ ਕੋਈ ਕਰਦਾ ਵੀ ਹੈ, ਤਾਂ ਉਹ ਮਰੀਜ਼ ਕੋਲੋਂ ਇੱਕ ਡਾਇਲਸਿਸ ਦਾ 8 ਤੋਂ 10 ਹਜ਼ਾਰ ਦੇ ਕਰੀਬ ਲੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਟਰੱਸਟ ਵੱਲੋਂ ਪਹਿਲਾਂ ਪੀ.ਜੀ.ਆਈ. ਚੰਡੀਗੜ੍ਹ ਤੇ ਪਟਿਆਲਾ ਅਤੇ ਹੁਣ ਅੰਮ੍ਰਿਤਸਰ ਵਿਖੇ ਐੱਚ.ਆਈ.ਵੀ. ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਡਾਇਲਸਿਸ ਯੂਨਿਟ ਸਥਾਪਤ ਕੀਤੇ ਹਨ। ਜਿਸ ਸਦਕਾ ਹੁਣ ਪੀੜਤ ਮਰੀਜ਼ ਕੇਵਲ ਨਾ-ਮਾਤਰ ਪੈਸੇ ਖਰਚ ਕੇ ਆਪਣਾ ਡਾਇਲਸਿਸ ਕਰਵਾ ਸਕਣਗੇ।
ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਕਰੋਨਾ ਸੰਕਟ ਦੌਰਾਨ ਵੀ ਟਰੱਸਟ ਦੇ ਵੱਖ-ਵੱਖ ਥਾਵਾਂ ‘ਤੇ ਲੱਗੇ 98 ਡਾਇਲਸਿਸ ਯੂਨਿਟ ਜਿੱਥੇ ਨਿਰੰਤਰ ਕੰਮ ਰਹੇ ਹਨ, ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ 1 ਲੱਖ ਡਾਇਲਾਇਜ਼ਰ ਕਿੱਟਾਂ ਮੁਫ਼ਤ ਵੰਡਣ ਦੇ ਆਰੰਭੇ ਗਏ ਮਿਸ਼ਨ ਤਹਿਤ ਉਨ੍ਹਾਂ ਵੱਲੋਂ ਹੁਣ ਤੱਕ 55 ਹਜ਼ਾਰ ਦੇ ਕਰੀਬ ਕਿੱਟਾਂ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ। ਇਸ ਦੌਰਾਨ ਹਸਪਤਾਲ ਦੇ ਐੱਮ.ਡੀ. ਪਵਨ ਅਰੋੜਾ ਅਤੇ ਗੁਰਦਾ ਰੋਗ ਮਾਹਿਰ ਡਾ. ਹਰਸ਼ਰਨ ਕੌਰ ਨੇ ਡਾ. ਐੱਸ.ਪੀ. ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਯੂਨਿਟ ਸਮੇਤ ਹੁਣ ਹਸਪਤਾਲ ‘ਚ ਕੁੱਲ 4 ਯੂਨਿਟ ਟਰੱਸਟ ਵੱਲੋਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਡਾ. ਓਬਰਾਏ ਨੂੰ ਲੋੜਵੰਦ ਮਰੀਜ਼ਾਂ ਦੀ ਮਦਦ ਦੌਰਾਨ ਹਸਪਤਾਲ ਵੱਲੋਂ ਵੀ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਜ਼ਿਕਰਯੋਗ ਹੈ ਕਿ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ‘ਚ ਵੀ ਮਰੀਜ਼ਾਂ ਲਈ ਨਿਰੰਤਰ ਮੁਫ਼ਤ ਡਾਇਲਾਇਜ਼ਰ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਗੁਰਦਾਸਪੁਰ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ, ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਸੀਨੀਅਰ ਮੈਂਬਰ ਸ਼ਿਵਦੇਵ ਸਿੰਘ ਬੱਲ, ਗੁਰਪ੍ਰੀਤ ਸਿੰਘ ਗੋਲਡੀ ਸਿੱਧੂ, ਬਲਵਿੰਦਰ ਕੌਰ, ਆਸ਼ਾ ਤਿਵਾੜੀ, ਨਵਜੀਤ ਕੌਰ ਅਤੇ ਹਸਪਤਾਲ ਦੇ ਪ੍ਰਬੰਧਕ ਪ੍ਰਿੰਸਦੀਪ ਸਿੰਘ ਵੀ ਮੌਜੂਦ ਸਨ।