ਐਲਨ ਮਸਕ ਵੱਲੋਂ ‘ਟਵਿੱਟਰ ਸੌਦੇ’ ‘ਤੇ ਆਰਜ਼ੀ ਤੌਰ ‘ਤੇ ਰੋਕ

38
Share

ਸਾਨ ਫਰਾਂਸਿਸਕੋ/ਨਵੀਂ ਦਿੱਲੀ, 15 ਮਈ (ਪੰਜਾਬ ਮੇਲ)- ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਕਿਹਾ ਕਿ ਉਨ੍ਹਾਂ ਨੇ ਮਾਈਕਰੋ ਬਲਾਗਿੰਗ ਪਲੈਟਫਾਰਮ ਟਵਿੱਟਰ ਨੂੰ 44 ਅਰਬ ਡਾਲਰ ਵਿਚ ਖਰੀਦਣ ਦੀ ਆਪਣੀ ਯੋਜਨਾ ਸਪੈਮ ਅਤੇ ਫਰਜ਼ੀ ਖਾਤਿਆਂ ਦੀ ਗਿਣਤੀ ਪਤਾ ਲੱਗਣ ਤੱਕ ਆਰਜ਼ੀ ਤੌਰ ‘ਤੇ ਰੋਕ ਦਿੱਤੀ ਹੈ। ਮਸਕ ਨੇ ਟਵੀਟ ਕੀਤਾ, ”ਟਵਿੱਟਰ ਸੌਦਾ ਆਰਜ਼ੀ ਤੌਰ ‘ਤੇ ਰੋਕਿਆ ਗਿਆ, ਜਦੋਂ ਤੱਕ ਕਿ ਇਹ ਗਿਣਤੀ ਨਹੀਂ ਹੋ ਜਾਂਦੀ ਕਿ ਕੀ ਸਪੈਮ/ਫਰਜ਼ੀ ਖਾਤੇ ਅਸਲ ਵਿਚ ਕੁੱਲ ਵਰਤੋਂਕਾਰਾਂ ਦੇ ਮੁਕਾਬਲੇ 5 ਫ਼ੀਸਦੀ ਤੋਂ ਘੱਟ ਹਨ।” ਐਲਨ ਮਸਕ ਨੇ ਟਵੀਟ ਵਿਚ ਰਾਇਟਰਜ਼ ਦੀ ਇੱਕ ਸਟੋਰੀ ਦਾ ਲਿੰਕ ਵੀ ਪੋਸਟ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਟਵਿੱਟਰ ਦੇ ਅੰਦਾਜ਼ੇ ਮੁਤਾਬਕ ਸਪੈਮ/ਫਰਜ਼ੀ ਖਾਤੇ 5 ਫ਼ੀਸਦੀ ਤੋਂ ਵੀ ਘੱਟ ਹਨ। ਇਸ ਮਾਈਕਰੋ-ਬਲਾਗਿੰਗ ਪਲੈਟਫਾਰਮ ‘ਤੇ ਪਹਿਲੀ ਤਿਮਾਹੀ ਵਿਚ 20.29 ਕਰੋੜ ਵਰਤੋਂਕਾਰ ਸਨ। ਦੱਸਣਯੋਗ ਹੈ ਕਿ ਐਲਨ ਮਸਕ ਨੇ ਟਵਿੱਟਰ ਨੂੰ 44 ਅਰਬ ਡਾਲਰ ਵਿਚ ਖ਼ਰੀਦਣ ਲਈ ਕਰਾਰ ‘ਤੇ ਦਸਤਖਤ ਕੀਤੇ ਹਨ, ਜਿਸ ਲਈ ਉਹ 21 ਅਰਬ ਡਾਲਰ ਆਪਣੇ ਕੋਲੋਂ ਦੇਵੇਗਾ ਅਤੇ ਬਾਕੀ ਅਦਾਇਗੀ ਲਈ ਕਰਜ਼ ਲਵੇਗਾ।


Share