ਐਲਨ ਮਸਕ ਟਵਿੱਟਰ ਦੇ ਮੁਅੱਤਲ ਖਾਤਿਆਂ ਨੂੰ ਦੇਣਗੇ ‘ਮੁਆਫੀ’

46
-ਪੋਲ ’ਚ ਖਾਤਿਆਂ ਦੀ ਬਹਾਲੀ ਦੇ ਹੱਕ 72 ਫੀਸਦੀ ਵੋਟ ਪੈਣ ਮਗਰੋਂ ਲਿਆ ਫੈਸਲਾ
ਸਾਨ ਫਰਾਂਸਿਸਕੋ, 25 ਨਵੰਬਰ (ਪੰਜਾਬ ਮੇਲ)- ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਮੁਅੱਤਲ ਖਾਤਿਆਂ ਨੂੰ ‘ਮੁਆਫੀ’ ਦੇ ਰਹੇ ਹਨ। ਮਸਕ ਨੇ ਟਵਿੱਟਰ ’ਤੇ ਇਕ ‘ਪੋਲ’ ਜਾਰੀ ਕੀਤਾ ਸੀ, ਜਿਸ ਵਿਚ ਲੋਕਾਂ ਕੋਲੋਂ ਉਨ੍ਹਾਂ ਖਾਤਿਆਂ ਦੀ ਬਹਾਲੀ ਨੂੰ ਲੈ ਕੇ ਆਪੋ-ਆਪਣਾ ਮਸ਼ਵਰਾ ਦੇਣ ਲਈ ਕਿਹਾ ਗਿਆ ਸੀ, ਜਿਨ੍ਹਾਂ ਨੇ ‘ਕਾਨੂੰਨ ਨਹੀਂ ਤੋੜਿਆ ਹੈ ਜਾਂ ਕਿਸੇ ਤਰ੍ਹਾਂ ਦੇ ‘ਸਪੈਮ’ ਵਿਚ ਸ਼ਾਮਲ ਨਹੀਂ ਸਨ।’’ ਅਜਿਹੇ ਖਾਤਿਆਂ ਦੀ ਬਹਾਲੀ ਲਈ 72 ਫੀਸਦੀ ਵੋਟ ਕੀਤੇ ਗਏ। ਮਸਕ ਨੇ ‘ਪੋਲ’ ਦੇ ਨਤੀਜਿਆਂ ਤੋਂ ਬਾਅਦ ਲਿਖਿਆ, ‘‘ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਗਲੇ ਹਫਤੇ ਤੋਂ ਮੁਆਫੀ ਦਿੱਤੀ ਜਾਵੇਗੀ। ਲੋਕਾਂ ਦੀ ਆਵਾਜ਼, ਭਗਵਾਨ ਦੀ ਆਵਾਜ਼ ਹੈ।’’ ਮਸਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਖਾਤਾ ਬਹਾਲ ਕਰਦੇ ਹੋਏ ਪਿਛਲੇ ਹਫਤੇ ਵੀ ਲਾਤਿਨ ਭਾਸ਼ਾ ਦੇ ਇਸੇ ਮੁਹਾਵਰੇ ‘ਲੋਕਾਂ ਦੀ ਆਵਾਜ਼, ਭਗਵਾਨ ਦੀ ਆਵਾਜ਼ ਹੈ’ ਦਾ ਇਸਤੇਮਾਲ ਕੀਤਾ ਸੀ।