-31 ਸਾਲਾ ਦੋਸ਼ੀ ਗਿ੍ਰਫ਼ਤਾਰ
-ਐਲਕ ਗਰੋਵ ਸਿਟੀ ਵੱਲੋਂ ਵੱਖ-ਵੱਖ ਸ਼ਰਧਾਂਜਲੀ ਸਮਾਗਮ
ਐਲਕ ਗਰੋਵ, 26 ਜਨਵਰੀ (ਪੰਜਾਬ ਮੇਲ)- ਐਲਕ ਗਰੋਵ ਸਿਟੀ ਦੇ ਪੁਲਿਸ ਅਫਸਰ ਦਾ ਪਿਛਲੇ ਦਿਨੀਂ ਇਕ ਹਾਦਸੇ ’ਚ ਦਿਹਾਂਤ ਹੋ ਗਿਆ। ਪੁਲਿਸ ਅਫਸਰ ਟੀ ਲੈਨਿਨ ਸਵੇਰੇ 6 ਵਜੇ ਦੇ ਕਰੀਬ ਆਪਣੀ ਡਿਊਟੀ ’ਤੇ ਆ ਰਹੇ ਸਨ, ਜਦੋਂ ਹਾਈਵੇਅ-99 ਉੱਤੇ ਗਲਤ ਦਿਸ਼ਾ ਤੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਇਸ ਹਾਦਸੇ ’ਚ ਮੌਤ ਹੋ ਗਈ। ਪੁਲਿਸ ਨੇ ਇਸ ਸੰਬੰਧੀ ਕਾਰ ਡਰਾਈਵਰ 31 ਸਾਲਾ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਨਸ਼ੇ ਵਿਚ ਸੀ। ਟੀ ਲੈਨਿਨ ਦੀ ਯਾਦ ਵਿਚ ਐਲਕ ਗਰੋਵ ਸਿਟੀ ਵੱਲੋਂ ਵੱਖ-ਵੱਖ ਸ਼ਰਧਾਂਜਲੀ ਸਮਾਗਮ ਕੀਤੇ ਗਏ।


ਪੁਲਿਸ ਵਿਭਾਗ ਦੇ ਬਾਹਰ ਕੈਂਡਲ ਲਾਈਟ ਵਿਜ਼ਲ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੁਲਿਸ ਚੀਫ ਟਿਮ ਐਲਬਰਾਈਟ, ਮੇਅਰ ਬੌਬੀ ਸਿੰਘ ਐਲਨ, ਕੌਂਸਲ ਮੈਂਬਰ ਡੈਰੇਨ ਸਿਊਨ, ਸਟੈਫਨੀ ਨਿਊਨ, ਪੈਟ ਹਿਊਮ, ਕੇਵਿਨ ਸਪੀਸ ਅਤੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਮਿ੍ਰਤਕ ਪੁਲਿਸ ਅਫਸਰ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਪੁਲਿਸ ਅਫਸਰ ਟੀ ਲੈਨਿਨ ਦਾ ਮਿ੍ਰਤਕ ਦੇਹ ਪੁਲਿਸ ਪਰੇਡ ਦੌਰਾਨ ਪੂਰੇ ਸਨਮਾਨਾਂ ਨਾਲ ਪੂਰੇ ਸ਼ਹਿਰ ਵਿਚ ਘੁਮਾਈ ਗਈ। ਥਾਂ-ਥਾਂ ’ਤੇ ਖੜ੍ਹੇ ਲੋਕਾਂ ਨੇ ਮਿ੍ਰਤਕ ਪੁਲਿਸ ਅਫਸਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।