ਐਲਕ ਗਰੋਵ ਦੀਆਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ ’ਤੇ

13
ਤੀਆਂ ਦੇ ਮੇਲੇ ਲਈ ਰਿਹਰਸਲ ਦੌਰਾਨ ਹਾਜ਼ਰ ਪ੍ਰਬੰਧਕ ਅਤੇ ਹੋਰ ਮੈਂਬਰ।
Share

ਸੈਕਰਾਮੈਂਟੋ, 22 ਜੂਨ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ (ਨਾਨ ਪਰਾਫਿਟ) ਵੱਲੋਂ ‘ਤੀਆਂ ਤੀਜ਼ ਦੀਆਂ’ ਨਾਂ ਹੇਠ ਮਨਾਇਆ ਜਾਂਦਾ ਤੀਆਂ ਦਾ ਮੇਲਾ ਇਸ ਵਾਰ 7 ਅਗਸਤ, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਐਲਕ ਗਰੋਵ ਰਿਜ਼ਨਲ ਪਾਰਕ ਦੇ ਖੁੱਲ੍ਹੇ ਮੈਦਾਨ ਵਿਚ ਲੱਗਣ ਵਾਲੀਆਂ ਇਨ੍ਹਾਂ ਤੀਆਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਨ੍ਹਾਂ ਤੀਆਂ ਲਈ ਔਰਤਾਂ ਅਤੇ ਲੜਕੀਆਂ ਨੇ ਗਿੱਧਿਆਂ ਦੀ ਰਿਹਰਸਲ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਇਨ੍ਹਾਂ ਤੀਆਂ ਲਈ ਔਰਤਾਂ ਵਿਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕੈਲੀਫੋਰਨੀਆ ਵਿਚ ਕੋਵਿਡ ਮਹਾਂਮਾਰੀ ਤੋਂ ਬਾਅਦ ਲੱਗਣ ਵਾਲੀਆਂ ਸਭ ਤੋਂ ਵੱਡੀਆਂ ਇਨ੍ਹਾਂ ਤੀਆਂ ਵਿਚ ਇਸ ਵਾਰ ਭਾਰੀ ਗਿਣਤੀ ’ਚ ਔਰਤਾਂ ਦੇ ਪਹੁੰਚਣ ਦੀ ਉਮੀਦ ਹੈ। ਇਨ੍ਹਾਂ ਤੀਆਂ ਵਿਚ ਗਿੱਧੇ, ਬੋਲੀਆਂ, ਸੁਹਾਗ, ਘੋੜੀਆਂ, ਡੀ.ਜੇ., ਸਕਿੱਟਾਂ ਤੋਂ ਇਲਾਵਾ ਹੋਰ ਵੀ ਰੰਗਾਰੰਗ ਆਈਟਮਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਕੈਲੀਫੋਰਨੀਆਂ ਭਰ ਤੋਂ ਵੈਂਡਰਾਂ ਵੱਲੋਂ ਇਥੇ ਕੱਪੜੇ, ਦੇਸੀ ਜੁੱਤੀਆਂ, ਗਹਿਣੇ, ਮਹਿੰਦੀ ਆਦਿ ਦੇ ਸਟਾਲ ਲਾਏ ਜਾਂਦੇ ਹਨ। ਇਹ ਤੀਆਂ ਦਾ ਮੇਲਾ ਕੇਵਲ ਔਰਤਾਂ ਲਈ ਹੁੰਦਾ ਹੈ ਅਤੇ ਇਸ ਵਿਚ ਕੋਈ ਟਿਕਟ ਨਹੀਂ ਰੱਖੀ ਜਾਂਦੀ। ਐਂਟਰੀ ਬਿਲਕੁਲ ਮੁਫਤ ਹੁੰਦੀ ਹੈ। ਰੈਫਰਲ ਇਨਾਮ ਵੀ ਕੱਢੇ ਜਾਂਦੇ ਹਨ। ਠੰਡੇ-ਮਿੱਠੇ ਪਾਣੀ ਦੀ ਮੁਫਤ ਛਬੀਲ ਲਾਈ ਜਾਂਦੀ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੇ ਸਟਾਲ ਵੀ ਲੱਗਦੇ ਹਨ। ਇਨ੍ਹਾਂ ਤੀਆਂ ਲਈ ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਵਾਰ ਇਹ ਤੀਆਂ ਸੀ.ਐੱਸ.ਡੀ. ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ। ਹੋਰ ਜਾਣਕਾਰੀ ਲਈ ਅਤੇ ਸਟਾਲ ਬੁੱਕ ਕਰਾਉਣ ਲਈ 916-320-9444 ਅਤੇ ਟੀਮ ਐਂਟਰੀ ਕਰਾਉਣ ਲਈ 916-240-6969 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share