ਐਲਕ ਗਰੋਵ ’ਚ ਬਣੇਗਾ 400 ਮਿਲੀਅਨ ਡਾਲਰ ਪ੍ਰਾਜੈਕਟ ਦਾ ਕੈਸੀਨੋ

417
Share

ਸੈਕਰਾਮੈਂਟੋ, 10 ਮਾਰਚ (ਪੰਜਾਬ ਮੇਲ)- ਐਲਕ ਗਰੋਵ ਸਿਟੀ ’ਚ ਵਿਲਟਨ ਕਬੀਲੇ ਵੱਲੋਂ ਸਕਾਈ ਰਿਵਰ ਕੈਸੀਨੋ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਨੀਂਹ ਪੱਥਰ ਰੱਖਣ ਲਈ ਜਿੱਥੇ ਭਾਰੀ ਗਿਣਤੀ ’ਚ ਕਬੀਲੇ ਦੇ ਲੋਕ ਸ਼ਾਮਲ ਹੋਏ, ਉਥੇ ਇਲਾਕੇ ਦੇ ਆਗੂਆਂ ਨੇ ਵੀ ਆਣ ਕੇ ਇਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸੈਂਬਲੀ ਮੈਂਬਰ ਜਿਮ ਕੂਪਰ, ਐਲਕ ਗਰੋਵ ਮੇਅਰ ਬੌਬੀ ਸਿੰਘ ਐਲਨ, ਅਸੈਂਬਲੀ ਮੈਂਬਰ ਜੇਮਜ਼ ਰੈਮੋਜ਼, ਸਾਬਕਾ ਮੇਅਰ ਗੈਰੀ ਡੇਵਿਸ ਤੋਂ ਇਲਾਵਾ ਇਲਾਕੇ ਦੇ ਕੌਂਸਲ ਮੈਂਬਰ, ਪੁਲਿਸ ਚੀਫ ਟਿਮ ਅਲਬਰਾਇਟ ਵੀ ਹਾਜ਼ਰ ਸਨ। ਵੱਖ-ਵੱਖ ਆਗੂਆਂ ਨੇ ਵਿਲਟਨ ਕਬੀਲੇ ਨੂੰ ਵਧਾਈ ਦਿੱਤੀ ਕਿ ਇਸ ਨਾਲ ਇਲਾਕੇ ਵਿਚ ਰੋਜ਼ਗਾਰ ਪੈਦਾ ਹੋਵੇਗਾ। ਵਿਲਟਨ ਕਬੀਲੇ ਵੱਲੋਂ ਅਗਲੇ 20 ਸਾਲਾਂ ਵਿਚ ਐਲਕ ਗਰੋਵ ਸਿਟੀ ਅਤੇ ਸੈਕਰਾਮੈਂਟੋ ਦੇ ਵਿਕਾਸ ਕੰਮਾਂ ਲਈ 150 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ, ਜੋ ਕਿ ਸਕੂਲਾਂ, ਪੁਲਿਸ ਵਿਭਾਗ ਅਤੇ ਫਾਇਰ ਡਿਪਾਰਟਮੈਂਟ ਆਦਿ ’ਤੇ ਖਰਚਿਆ ਜਾਵੇਗਾ।
ਇਹ ਕੈਸੀਨੋ ਹਾਈਵੇਅ-99 ਦੇ ਨੇੜੇ ਅਤੇ ਗਰਾਂਟ ਲਾਈਨ ਦੇ ਨਜ਼ਦੀਕ ਬਣਾਇਆ ਜਾ ਰਿਹਾ ਹੈ। ਇਸ ਬਹੁਮੰਜ਼ਿਲੀ ਕੈਸੀਨੋ ਵਿਚ 2 ਹਜ਼ਾਰ ਦੇ ਕਰੀਬ ਸਲਾਟ ਮਸ਼ੀਨਾਂ ਅਤੇ 80 ਤੋਂ ਵੱਧ ਗੇਮਜ਼ ਟੇਬਲ ਹੋਣਗੇ। ਇਸ ਤੋਂ ਇਲਾਵਾ ਇਸ ਕੈਸੀਨੋ ਵਿਚ ਹੋਟਲ, ਸਪਾ, ਰੈਸਟੋਰੈਂਟ, ਕਮਿਊਨਿਟੀ ਸੈਂਟਰ ਵੀ ਖੋਲ੍ਹਿਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਵਿਚ ਇਸ ਦੇ ਸ਼ੁਰੂ ਹੋਣ ’ਤੇ ਖੁਸ਼ੀ ਪਾਈ ਜਾ ਰਹੀ ਹੈ।

Share