ਐਰੀਜ਼ੋਨਾ ਦੇ ਭਾਰਤੀ ਮੂਲ ਦੇ ਕਾਰੋਬਾਰੀ ਰਵੀਨ ਅਰੋੜਾ 2021 ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

507
Share

ਨਿਊਯਾਰਕ, 2 ਸਤੰਬਰ (ਪੰਜਾਬ ਮੇਲ)-ਅਮਰੀਕਾ ਦੇ ਸੂਬੇ ਐਰੀਜ਼ੋਨਾ ਦੇ ਇਕ 72 ਸਾਲਾ ਭਾਰਤੀ ਮੂਲ ਦੇ ਰਵੀਨ ਅਰੋੜਾ ਨਾਮੀ ਕਾਰੋਬਾਰੀ ਨੂੰ ਵੱਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ, ਜੋ 230 ਲੋਕਾਂ ਵਿਚੋਂ ਇਕ ਹਨ। ਰਵੀਨ ਅਰੋੜਾ ਨੂੰ ਦਰਜਨਾਂ ਸੰਗਠਨਾਂ ਵੱਲੋਂ ਇਸ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ। ਰਵੀਨ ਅਰੋੜਾ ਇਸ ਸ਼ਹਿਰ ’ਚ ਢਾਬਾ ਨਾਂ ਦੇ ਭਾਰਤੀ ਰੈਸਟੋਰੇਂਟ ਦੇ ਕਾਰੋਬਾਰੀ ਹਨ। ਉਨ੍ਹਾਂ ਨੂੰ ਪਹਿਲਾਂ ਭਾਰਤ, ਬੰਗਲਾਦੇਸ਼ ਅਤੇ ਅਮਰੀਕਾ ਦੇ ਐਰੀਜ਼ੋਨਾ ਦੇ ਟੈਂਪੇ ਸ਼ਹਿਰ ’ਚ ਭੁੱਖਮਰੀ ਤੇ ਬੇਘਰਿਆਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਹੈ।
ਰਵੀਨ ਅਰੋੜਾ ਦਾ ਜਨਮ ਭਾਰਤ ’ਚ ਹੋਇਆ ਸੀ। ਉਹ ਭਾਰਤ ਦੇ ਕੋਲਕਾਤਾ ’ਚ ਵੱਡੇ ਹੋਏ। ਰਵੀਨ ਅਰੋੜਾ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਗਰੀਬ ਹੋ ਅਤੇ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੁੰਦਾ, ਭੁੱਖ ਅਤੇ ਗਰੀਬੀ ਉਸ ਸਮੇਂ ਤੁਹਾਡੇ ਸਭ ਤੋਂ ਚੰਗੇ ਦੋਸਤ ਬਣ ਜਾਂਦੇ ਹਨ। ਉਹ ਛੋਟੀ ਉਮਰ ਵਿਚ ਮਦਰ ਟੈਰੇਸਾ ਦੇ ਕੋਲ ਰਹਿੰਦਾ ਸੀ, ਜੋ ਉਸ ਦੇ ਵੱਡੇ ਹੋਣ ਤੱਕ ਅਰੋੜਾ ਦੀ ਇਕ ਸਲਾਹਕਾਰ ਅਤੇ ਅਧਿਆਪਕ ਵੀ ਸੀ। ਰਵੀਨ ਅਰੋੜਾ ਨੇ ਕਿਹਾ, ‘‘ਮੈਂ ਉੱਥੇ ਹਮਦਰਦੀ, ਨਿਮਰਤਾ, ਬਹੁਤ ਸਾਰੇ ਸਬਕ ਉਨ੍ਹਾਂ ਤੋਂ ਸਿੱਖੇ, ਸਾਨੂੰ ਕਿਵੇਂ ਦੇਣਾ ਚਾਹੀਦਾ ਹੈ, ਕੀ ਨਹੀਂ ਦੇਣਾ ਚਾਹੀਦਾ।’’ ਇਸ ਤਰ੍ਹਾਂ ਦੂਜਿਆਂ ਦੀ ਮਦਦ ਕਰਨ ਦੇ ਉਸ ਦੇ ਜਨੂੰਨ ਨੇ ਮੈਨੂੰ ਪ੍ਰੇਰਿਤ ਕੀਤਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਭਾਰਤ ਵਿਚ ਸਨ, ਉਹ ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਵੀ ਮਿਲੇ, ਉਦੋਂ ਉਨ੍ਹ ਦੀ ਉਮਰ ਤਕਰੀਬਨ 11 ਸਾਲ ਸੀ। ਭਾਰਤ ਤੋਂ 2001 ਵਿਚ, ਉਹ ਅਤੇ ਉਸ ਦਾ ਪਰਿਵਾਰ ਫੀਨਿਕਸ ਅਮਰੀਕਾ ਆ ਗਏ। ਕੁਝ ਸਾਲਾਂ ਬਾਅਦ, ਉਸਨੇ ਟੈਂਪੇ ਸ਼ਹਿਰ ’ਚ ਅਪਾਚੇ ਬੁੱਲ੍ਹੇਵਾਰਡ ’ਤੇ ਬੈਠੀ ਇਕ ਖੰਡਰ ਇਮਾਰਤ ’ਚ ਨਿਵੇਸ਼ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕਿਹਾ ਕਿ ਖੰਡਰ ਨੇ ਉਸ ਨੂੰ ਉਸ ਦੀਆਂ ਝੁੱਗੀਆਂ ਦੀ ਯਾਦ ਦਿਵਾ ਦਿੱਤੀ।
ਅਰੋੜਾ ਦੇ ਸਬੰਧ ’ਚ ਟੈਂਪੇ ਕੌਂਸਲ ਮੈਂਬਰ ਲੌਰੇਨ ਕੁਬੀ ਨੇ ਵੀ ਕਿਹਾ ਕਿ ਅਰੋੜਾ ਨੇ ਦੂਜੇ ਕਾਰੋਬਾਰ ਦੇ ਮਾਲਕਾਂ ਲਈ ਇਕ ਨਮੂਨੇ ਵਜੋਂ ਕੰਮ ਕੀਤਾ ਹੈ। ਕੁਬੀ ਨੇ ਕਿਹਾ, ‘‘ਉਹ ਇਕ ਟੈਂਪੇ ਦਾ ਖਜ਼ਾਨਾ ਹੈ।’’ ਉਨ੍ਹਾਂ ਮੁਤਾਬਕ, ‘‘ਜੇ ਹਰ ਕਾਰੋਬਾਰ ਮਾਲਕ ਰਵੀਨ ਵਰਗਾ ਹੁੰਦਾ, ਤਾਂ ਸਾਡੇ ਕੋਲ ਸਰੋਤਾਂ ਅਤੇ ਦਿਲ ਅਤੇ ਹਮਦਰਦੀ ਦੀ ਘਾਟ ਨਾ ਹੁੰਦੀ।’’ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਦੂਜਿਆਂ ਦੇ ਸੁਪਨੇ ਨੂੰ ਪੂਰਾ ਕਰਨ ’ਚ ਸਹਾਇਤਾ ਕਰਨਾ ਹੈ। ਲੋਕਾਂ ਨੂੰ ਉਨ੍ਹਾਂ ਵਾਂਗ ਸਵੀਕਾਰ ਕਰਨਾ, ਉਨ੍ਹਾਂ ਨੂੰ ਮੇਰੀ ਸਾਂਝੀ ਮਨੁੱਖਤਾ ਦੇ ਹਿੱਸੇ ਵਜੋਂ ਸਵੀਕਾਰ ਕਰਨਾ, ਇਹੋ ਹੀ ਜ਼ਿੰਦਗੀ ਹੈ। ਨੋਬਲ ਕਮੇਟੀ ਅਕਤੂਬਰ ’ਚ ਜੇਤੂਆਂ ਦਾ ਐਲਾਨ ਕਰੇਗੀ।

Share