ਐਰੀਜ਼ੋਨਾ ‘ਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਕੋਰੋਨਾ ਟੀਕੇ ਦੀ ਪੇਸ਼ਕਸ਼

153
Share

ਫਰਿਜ਼ਨੋ, 7 ਮਾਰਚ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਦੌਰਾਨ ਬਹੁਤੇ ਰਾਜ ਅਤੇ ਸ਼ਹਿਰਾਂ ਅਜੇ ਵੀ ਲੋਕਾਂ ਦੇ ਉੱਚ ਤਰਜੀਹ ਵਾਲੇ ਸਮੂਹਾਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਜਦਕਿ ਐਰੀਜ਼ੋਨਾ ਦੀ ਇੱਕ ਕਾਉਂਟੀ ਹੁਣ 18 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਨਿਵਾਸੀ ਨੂੰ ਕੋਵਿਡ-19 ਦਾ ਟੀਕਾ ਲਗਾਉਣ ਦੀ ਆਗਿਆ ਦੇ ਰਹੀ ਹੈ। ਐਰੀਜ਼ੋਨਾ ਦੀ ਗਿਲਾ ਕਾਉਂਟੀ, ਜੋ ਕਿ ਫੀਨਿਕਸ ਦੇ ਪੂਰਬ ਵੱਲ ਸਥਿਤ ਹੈ, ਨੇ ਪਿਛਲੇ ਮਹੀਨੇ ਦੇ ਅਖੀਰ ਵਿੱਚ ਆਪਣੇ ਟੀਕੇ ਦੇ ਸੰਬੰਧ ਵਿੱਚ ਲੋਕਾਂ ਲਈ ਉਮਰ ਦੀ ਯੋਗਤਾ ਵਿੱਚ ਢਿੱਲ ਦਿੱਤੀ ਹੈ। 

ਟੀਕੇ ਸੰਬੰਧੀ ਉਮਰ ਵਿੱਚ ਇਸ ਢਿੱਲ ਨੂੰ ਦੇਣ ਦਾ ਕਾਰਨ ਗਿਲਾ ਕਾਉਂਟੀ ਵਿੱਚ ਵਰਤੀ ਜਾਂਦੀ ਕੋਵਿਡ-19 ਟੀਕਾ ਖੁਰਾਕ ਦੀ ਸਭ ਤੋਂ ਘੱਟ ਪ੍ਰਤੀਸ਼ਤਤਾ ਹੈ। ਕਾਉਂਟੀ ਵਿੱਚ ਪਬਲਿਕ ਹੈਲਥ ਐਂਡ ਐਮਰਜੈਂਸੀ ਮੈਨੇਜਮੈਂਟ ਦੇ ਡਾਇਰੈਕਟਰ ਮਾਈਕਲ ਓ ਡ੍ਰਿਸਕੌਲ ਅਨੁਸਾਰ ਕਾਉਂਟੀ ਨੂੰ ਪਿਛਲੇ ਹਫ਼ਤੇ ਰਾਜ ਕੋਲੋਂ ਡ੍ਰਾਇਵ ਥਰੂ ਕਲੀਨਿਕ ਵਿੱਚ ਟੀਕਾ ਦੇਣ ਦੀ ਆਗਿਆ ਮਿਲੀ ਸੀ। ਐਰੀਜ਼ੋਨਾ ਦੇ ਸਿਹਤ ਸੇਵਾਵਾਂ ਵਿਭਾਗ ਦੇ ਅਨੁਸਾਰ, ਇਸ ਕਾਉਂਟੀ ਵਿੱਚ ਲੱਗਭਗ 56,000 ਲੋਕ ਰਹਿੰਦੇ ਹਨ ਅਤੇ 13,000 ਤੋਂ ਵੱਧ ਵਸਨੀਕਾਂ ਨੇ ਕੋਰੋਨਾ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਅੰਕੜਿਆਂ ਦੇ ਅਧਾਰ ਤੇ, 65 ਸਾਲ ਤੋਂ ਘੱਟ ਉਮਰ ਦੇ 5,600 ਤੋਂ ਵੱਧ ਲੋਕਾਂ ਨੇ ਇਹ ਟੀਕਾ ਲਗਵਾਇਆ ਹੈ, ਜਿਸ ਵਿੱਚ 20 ਸਾਲ ਤੋਂ ਘੱਟ ਉਮਰ ਦੇ 73 ਲੋਕ ਸ਼ਾਮਿਲ ਹਨ।


Share