ਐਮਾਜ਼ੋਨ ਦੇ ਜੈੱਫ ਬੇਜੋਸ ਦੀ ਸਾਬਕਾ ਪਤਨੀ ਨੇ ਮਨੁੱਖਤਾ ਲਈ ਦਾਨ ਕੀਤੇ 1.7 ਅਰਬ ਡਾਲਰ

601
Share

ਵਾਸ਼ਿੰਗਟਨ, 30 ਜੁਲਾਈ (ਪੰਜਾਬ ਮੇਲ)-ਐਮਾਜ਼ੋਨ ਦੇ ਸੀ. ਈ. ਓ. ਜੈੱਫ ਬੇਜੋਸ ਦੀ ਸਾਬਕਾ ਪਤਨੀ ਮੈਕੈਂਜ਼ੀ ਸਕੌਟ ਨੇ ਨਸਲੀ ਬਰਾਬਰੀ, ਜਲਵਾਯੂ ਤਬਦੀਲੀ ਅਤੇ ਜਨਤਕ ਸਿਹਤ ‘ਤੇ ਕੰਮਾਂ ਲਈ 1.7 ਅਰਬ ਡਾਲਰ ਦਾਨ ਵਜੋਂ ਦਿੱਤੇ ਹਨ। ਦੁਨੀਆਂ ਦੀ 13ਵੀਂ ਸਭ ਤੋਂ ਵੱਧ ਅਮੀਰ ਔਰਤ ਦਾ ਕਹਿਣਾ ਹੈ ਕਿ ਉਸ ਨੇ ਮਨੁੱਖਤਾ ਪ੍ਰਤੀ ਆਪਣਾ ਫਰਜ਼ ਅਦਾ ਕੀਤਾ ਹੈ। ਨਾਵਲਕਾਰਾ ਨੂੰ 59.3 ਅਰਬ ਦੀ ਜਾਇਦਾਦ ਐਮਾਜ਼ੋਨ ਡਾਟ ਕਾਮ ਇੰਕ ਦੇ 4% ਹਿੱਸੇਦਾਰੀ ਤੋਂ ਮਿਲੀ ਹੈ, ਜਿਸ ਨੂੰ ਉਸ ਨੇ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਜੈੱਫ ਬੇਜੋਸ ਤੋਂ ਆਪਣੇ ਤਲਾਕ ਦੇ ਹਿੱਸੇ ਵਜੋਂ ਪ੍ਰਾਪਤ ਕੀਤਾ। ਸਕੌਟ ਉਨ੍ਹਾਂ ਅਮਰੀਕੀ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋਈ ਹੈ, ਜਿਨ੍ਹਾਂ ਉਸ ਸਮੇਂ ਮਦਦ ਦਾ ਹੱਥ ਵਧਾਇਆ ਹੈ, ਜਦੋਂ ਕੋਵਿਡ-19 ਮਹਾਮਾਰੀ ਨੇ ਆਮਦਨ ਦੀ ਅਸਮਾਨਤਾ ਨੂੰ ਵਧਾ ਦਿੱਤਾ ਹੈ ਅਤੇ ਮਿਨੀਆਪੋਲਿਸ ਪੁਲਿਸ ਦੇ ਹੱਥੋਂ ਇਕ ਨਿਹੱਥੇ ਕਾਲੇ ਵਿਅਕਤੀ ਦੀ ਮੌਤ ਨੇ ਨਸਲੀ ਨਿਆਂ ਦੀ ਮੰਗ ਕੀਤੀ ਹੈ।


Share