ਐਬਟਸਫੋਰਡ ਵਿੱਚ ਸਿੱਖ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਕਲਾ ਕਿਰਤਾਂ ਦੀ ਪ੍ਰਦਰਸ਼ਨੀ   

249
Share

ਸਰੀ,  11 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਐਬਟਸਫੋਰਡ ਵਿਖੇ ਰੀਚ ਗੈਲਰੀ ਮਿਊਜ਼ੀਅਮ ਵਿਚ ਸਿੱਖ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀ  ਲਾਈ ਗਈ ਹੈ। ਸ਼ੀਸ਼ੇ ਚ ਤਰੇੜ ਦੇ ਬੈਨਰ ਹੇਠ ਲੱਗੀ ਇਸ ਪ੍ਰਦਰਸ਼ਨੀ ਵਿਚ ਨੌਜਵਾਨ ਪੰਜਾਬੀ ਕੈਨੇਡੀਅਨ ਕਲਾਕਾਰ ਸਿਮਰਪ੍ਰੀਤ ਆਨੰਦ ਦੀਆਂ  ਕਲਾ ਕਿਰਤਾਂ  ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਸਜਦੀਪ ਸੂਮਲ ਅਤੇ ਸਕਾਲਰ ਕੂਨਰ ਸਿੰਘ ਵੈਂਡਰਬੀਕ ਦੇ ਸਹਿਯੋਗ ਨਾਲ ਲਾਈ ਗਈ ਇਸ ਪ੍ਰਦਰਸ਼ਨੀ ਵਿਚ ਪੰਜਾਬ, ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸ ਨਾਲ ਸਬੰਧਤ ਸਮੱਗਰੀ ਤੇ ਸੰਕਲਪਾਂ ਨੂੰ ਪ੍ਰਦਰਸ਼ਤ ਕੀਤਾ ਗਿਆ ਹੈ। ਇਹ ਪ੍ਰਦਰਸ਼ਨੀ 28 ਜਨਵਰੀ ਤੋਂ ਚੱਲ ਰਹੀ ਹੈ ਤੇ 7 ਮਈ 2022 ਤੱਕ ਜਾਰੀ ਰਹੇਗੀ.

ਵਰਨਣਯੋਗ ਹੈ ਕਿ ਸਿਮਰਪ੍ਰੀਤ ਆਨੰਦ ਨੇ ਨਸਲਵਾਦ, ਸਿੱਖ ਸਮੱਗਰੀ, ਸੱਭਿਆਚਾਰ, ਵਾਤਾਵਰਨ ਅਤੇ ਬਸਤੀਵਾਦ ਆਦਿ ਵਿਸ਼ਿਆਂ ਉੱਪਰ ਕੰਮ ਕੀਤਾ  ਹੈ. ਬੇਸ਼ੱਕ ਉਸ ਦਾ ਮੰਨਣਾ ਹੈ ਕਿ ਪੰਜਾਬੀ ਸਿੱਖ ਸੱਭਿਆਚਾਰ ਵਿੱਚ ਕਲਾਤਮਿਕ ਕੈਰੀਅਰ ਬਣਾਉਣਾ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਉਸ ਨੇ 28 ਸਾਲ ਦੀ ਉਮਰ ਵਿੱਚ ਹੀ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ।  ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ 2018 ਵਿੱਚ ਗ੍ਰੈਜੂਏਟ (ਆਨਰਜ਼ਦੀ ਡਿਗਰੀ ਲੈਣ ਉਪਰੰਤ ਸਿਮਰਪ੍ਰੀਤ ਆਨੰਦ ਨੇ ਵੈਨਕੂਵਰ ਆਰਟ ਗੈਲਰੀ, ਸਰੀ ਆਰਟ ਗੈਲਰੀ, ਸਿਟੀ ਆਫ ਟੋਰਾਂਟੋ, ਬਿਲ ਅਬਲੇ ਆਰਟਸ ਪ੍ਰੋਜੈਕਟਸ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਚ ਕਾਰਜ ਕੀਤਾ ਹੈ। ਉਸ ਨੂੰ ਫ਼ਖ਼ਰ ਹਾਸਲ ਹੈ ਕਿ 2021ਵਿਚ ਕੈਨੇਡਾ ਵਿਚ ਉੱਭਰਦੇ ਕਲਾਕਾਰਾਂ ਲਈ ਦਿੱਤੇ ਗਏ ਵਿਲੀਅਮ ਅਤੇ ਮੈਰੀਡੀਅਨ ਸੈਂਡਰਸਨ ਪੁਰਸਕਾਰ ਨਾਲ ਸਨਮਾਨਤ ਤਿੰਨ ਕਲਾਕਾਰਾਂ ਵਿਚੋਂ ਇਕ ਹੈ।

ਇਸ ਗੈਲਰੀ ਵਿੱਚ ਪ੍ਰਦਰਸ਼ਤ ਕੀਤੀਆਂ ਗਈਆਂ ਲਿਖਤਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਪੇਸ਼ ਕੀਤਾ ਗਿਆ ਹੈ ਪ੍ਰਦਰਸ਼ਨੀ ਵਿਚ ਕਲਾ ਦੀਆਂ ਬਹੁਤ ਹੀ ਖੂਬਸੂਰਤ ਅਤੇ ਅਰਥ ਭਰਪੂਰ ਕਿਰਤਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ ਦਰਸ਼ਕ ਆਪਣੇ ਆਪ ਨੂੰ ਪ੍ਰਤੀਬਿੰਬਤ ਹੁੰਦਾ ਦੇਖ ਸਕਦੇ ਹਨ।


Share