‘ਐਨ. ਜ਼ੈਡ. ਫਿਕਸ’ ਪਾਪਾਟੋਏਟੋਏ ਵਾਲਿਆਂ ਨੂੰ ‘ਐਪਲ’ ਕੰਪਨੀ ਵੱਲੋਂ ਆਈ. ਆਰ. ਪੀ. ਦੀ ਮਾਨਤਾ ਮਿਲੀ

1331
Share

ਔਕਲੈਂਡ, 27 ਜੁਲਾਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਹ ਜਾਣ ਕਿ ਖੁਸ਼ੀ ਹੋਏਗੀ ਕਿ ਪ੍ਰਸਿੱਧ ਕੰਪਿਊਟਰ ਅਤੇ ਫੋਨ ਕੰਪਨੀ ‘ਐਪਲ’ ਵੱਲੋਂ ਨਿਊਜ਼ੀਲੈਂਡ ਦੇ ਵਿਚ ਪਹਿਲਾ ਮਾਨਤਾ ਪ੍ਰਾਪਤ ਆਈ. ਆਰ. ਪੀ. ਸੈਂਟਰ (ਵਰਕਸ਼ਾਪ) ਦਾ ਦਰਜਾ ਪਾਪਾਟੋਏਟੋਏ ਵਿਖੇ ਪੰਜਾਬੀ ਭਰਾਵਾਂ ਦੀ ਫੋਨ ਤੇ ਲੈਪਟਾਪ ਰਿਪੇਅਰ ਵਰਕਸ਼ਾਪ ‘ਐਨ. ਜ਼ੈਡ. ਫਿਕਸ’ ਨੂੰ ਦਿੱਤਾ ਗਿਆ ਹੈ। ਸੰਨ 2012 ਤੋਂ 264  ਗ੍ਰੇਟ ਸਾਊਥ ਰੋਡ, ਪਾਪਾਟੋਏਟੋਏ ਵਿਖੇ ਸਥਿਤ ਇਹ ਰਿਪੇਅਰ ਸੈਂਟਰ ਸ. ਸਿਮਰਨ ਸਿੰਘ ਚਲਾਉਂਦੇ ਹਨ ਜਦ ਕਿ ਬੱਚਿਆਂ ਨੂੰ ਤਕਨੀਕੀ ਸਿੱਖਿਆ ਸ. ਬਲਵਿੰਦਰ ਸਿੰਘ (ਗੂਗਲ ਐਵਾਰਡ ਜੇਤੂ) ਦਿੰਦੇ ਰਹੇ ਹਨ ਜੋ ਕਿ ਹੁਣ ਕ੍ਰਾਈਸਟਚਰਚ ਵਿਖੇ ਸੈਂਟਰ ਚਲਾ ਰਹੇ ਹਨ। ਇਥੇ ਸਿੱਖੇ ਬੱਚੇ ਚੰਗੀਆਂ ਨੌਕਰੀਆਂ ਉਤੇ ਲੱਗੇ ਹਨ।
ਕੀ ਹੈ ਆਈ. ਆਰ. ਪੀ: ਇਸ ਦਾ ਪੂਰਾ ਨਾਂਅ ਹੈ ‘ਐਪਲ ਇੰਡੀਪੈਂਡੇਂਟ ਰਿਪੇਅਰ ਪ੍ਰੋਵਾਈਡਰਜ਼’। ਸੋ ਕੰਪਨੀ ਦਾ ਮਾਨਤਾ ਪ੍ਰਾਪਤ ਉਹ ਸੈਂਟਰ ਜਿੱਥੇ ਐਪਲ ਦੇ ਫੋਨ, ਲੈਪਟਾਪ ਜਾਂ ਹੋਰ ਇਲੈਕਟ੍ਰਾਨਿਕ ਸਮਾਨ ਵਾਰੰਟੀ ਮੁੱਕਣ ਦੇ ਬਾਅਦ ਤਸੱਲੀਬਖਸ਼ ਤੇ ਮੁਹਾਰਿਤੀ ਤਰੀਕੇ ਨਾਲ ਅਤੇ ਅਸਲੀ ਸਪੇਅਰਜ਼ ਪਾਰਟਸ ਦੇ ਨਾਲ ਠੀਕ ਕਰਵਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਇਥੇ ਕੰਪਨੀ ਦੇ ਮਾਨਤਾ ਪ੍ਰਾਪਤ ਸਰਵਿਸ ਪ੍ਰੋਵਾਈਡਰ ਜਰੂਰ ਹਨ ਪਰ ਉਹ ਸਿਰਫ ਵਾਰੰਟੀ ਦੀ ਮਿਆਦ ਵਿਚ ਹੀ ਅਜਿਹਾ ਕਾਰਜ ਕਰਦੇ ਹਨ। ਨਿਊਜ਼ੀਲੈਂਡ ਦੇ ਵਿਚ ਪਹਿਲਾ ਸੈਂਟਰ ‘ਐਨ. ਜ਼ੈਡ. ਫਿਕਸ’ ਮਾਨਤਾ ਪ੍ਰਾਪਤ ਸੈਂਟਰ ਬਣ ਗਿਆ ਹੈ। ਐਪਲ ਵੱਲੋਂ ਅਜਿਹੀ ਮਾਨਤਾ ਕਾਫੀ ਲੰਬੀ ਕਾਰਵਾਈ ਤੋਂ ਬਾਅਦ ਦਿੱਤੀ ਗਈ ਹੈ, ਜਿਸ ਦੇ ਵਿਚ ਟ੍ਰੇਨਿੰਗ, ਪੜ੍ਹਾਈ ਅਤੇ ਮਸ਼ੀਨਰੀ ਨੂੰ ਪਰਖਿਆ ਜਾਂਦਾ ਹੈ।  ਇਥੇ ਆਈ. ਫੋਨ, ਮੈਕ ਅਤੇ ਲੈਪ ਟਾਪ ਆਦਿ ਦਾ ਅਸਲੀ ਸਾਮਾਨ ਕੰਪਨੀ ਰਾਹੀਂ ਮਿਲ ਸਕੇਗਾ। ਐਨ.ਜ਼ੈਡ. ਫਿਕਸ ਉਤੇ ਇਸ ਤੋਂ ਇਲਾਵਾ ਬਾਕੀ ਬ੍ਰਾਂਡਜ਼ ਜਿਵੇਂ ਸੈਮਸੰਗ, ਐਚ. ਪੀ., ਤੋਸ਼ੀਬਾ, ਡੈਲ, ਸੋਨੀ, ਲੀਨੋਵੋ, ਏਸਰ, ਏਸਸ ਆਦਿ ਦੇ ਲੈਪਟਾਪ, ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਸਾਮਾਨ ਵੀ ਠੀਕ ਕੀਤੇ ਜਾਂਦੇ ਹਨ। ਅੱਜ ਰਾਸ਼ਟਰੀ ਮੀਡੀਆ ‘ਸਟੱਫ’ ਨੇ ਵੀ ਇਹ ਖਬਰ ਛਾਪੀ ਸੀ। ਐਨ. ਜ਼ੈਡ. ਫਿਕਸ ਦੇ ਸ. ਸਿਮਰਨ ਸਿੰਘ ਅਤੇ ਸ. ਬਲਵਿੰਦਰ ਸਿੰਘ ਨੂੰ ਇਸ ਉਪਲਬਧੀ ਲਈ ਬਹੁਤ ਮੁਬਾਰਕਬਾਦ।


Share