ਐਟਲਾਂਟਾ ਵਿਚ ਸਕੂਲ ਦੇ 5 ਸਟਾਫ਼ ਮੈਂਬਰ ਤੇ 9 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਆਏ ਪਾਜ਼ੇਟਿਵ

510
Share

 * 100 ਤੋਂ ਵਧ ਵਿਦਿਆਰਥੀ ਇਕਾਂਤਵਾਸ ਵਿੱਚ ਭੇਜੇ
ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਟਲਾਂਟਾ ਦੇ ਡਰੀਊ ਚਾਰਟਰ ਸਕੂਲ ਦੇ 5 ਸਟਾਫ਼ ਮੈਂਬਰਾਂ ਤੇ 9 ਵਿਦਿਆਰਥੀਆਂ ਦੇ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ 100 ਤੋਂ ਵਧ ਵਿਦਿਆਰਥੀ ਇਕਾਂਤਵਾਸ ਵਿਚ ਚਲੇ ਗਏ ਹਨ। ਇਹ ਜਾਣਕਾਰੀ ਸਕੂਲ ਦੇ ਮੁਖੀ ਪੀਟਰ ਮੈਕਨਾਈਟ ਨੇ ਦਿੰਦਿਆਂ ਕਿਹਾ ਹੈ ਕਿ ਬੱਚਿਆਂ ਦੇ ਮਾਪਿਆਂ ਨੂੰ ਪੱਤਰ ਰਾਹੀਂ ਜਾਣਕਾਰੀ ਦੇ ਦਿੱਤੀ ਗਈ ਹੈ। ਉਨਾਂ ਕਿਹਾ ਕਿ ਅਸੀਂ ਜਨ ਸਿਹਤ ਅਧਿਕਾਰੀਆਂ ਦੇ ਤਾਲਮੇਲ ਨਾਲ ਇਕਾਂਤਵਾਸ ਦੌਰਾਨ ਕੋਰੋਨਾ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੇ ਹਾਂ। ਸਕੂਲ ਖੁਲੇ ਨੂੰ ਕੇਵਲ ਦੋ ਦਿਨ ਹੀ ਹੋਏ ਸਨ ਕਿ ਮੁੜ ਬੰਦ ਹੋਣ ਦੀ ਸੰਭਾਵਨਾ ਬਣ ਗਈ ਹੈ। ਸਕੂਲ ਖੁਲਣ ਉਪਰੰਤ 1900 ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਦੇ ਕੋਰੋਨਾ ਟੈਸਟ ਹੋਏ ਸਨ ਜਿਨਾਂ ਵਿਚੋਂ 14 ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਪਾਜ਼ੇਟਿਵ ਆਏ ਸਟਾਫ ਮੈਂਬਰਾਂ ਵਿਚ ਇਕ ਮੈਂਬਰ ਅਜਿਹਾ ਵੀ ਸ਼ਾਮਿਲ ਹੈ ਜਿਸ ਦੇ ਮੁਕੰਮਲ ਟੀਕਾਕਰਣ ਹੋ ਚੁੱਕਿਆ ਹੈ। ਮੈਕਨਾਈਟ ਅਨੁਸਾਰ ਇਕਾਂਤਵਾਸ ਵਿਚ ਗਏ ਵਿਦਿਆਰਥੀਆਂ ਵਿਚ ਦੂਜੀ, ਤੀਜੀ, ਛੇਵੀਂ, ਸਤਵੀਂ, ਨੌਵੀਂ ਤੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਹਨ। 6 ਵੀਂ ਸ਼੍ਰੇਣੀ ਦੇ 100 ਦੇ ਕਰੀਬ ਵਿਦਿਆਰਥੀ ਇਕਾਂਤਵਾਸ ਹੋਏ ਹਨ। ਸਕੂਲ ਮੁਖੀ ਨੇ ਹੋਰ ਕਿਹਾ ਹੈ ਕਿ ਕਈ ਸਟਾਫ਼ ਮੈਂਬਰ ਪਹਿਲਾਂ ਹੀ ਇਕਾਂਤਵਾਸ ਵਿਚ ਹਨ ਇਸ ਲਈ 8 ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਆਨ ਲਾਈਨ ਪੜਾਇਆ ਜਾ ਰਿਹਾ ਹੈ। ਮਾਪਿਆਂ ਨੇ ਸਕੂਲ ਵਿਚ ਪਾਜ਼ੇਟਿਵ ਆਏ ਮਾਮਲਿਆਂ ਉਪਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਕੂਲ ਵਿਚ ਕੇਵਲ ਉਨਾਂ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਹੀ ਆਉਣ ਦਿੱਤਾ ਜਾਵੇ ਜਿਨਾਂ ਦੇ ਮੁਕੰਮਲ ਟੀਕਾਕਰਣ ਹੋ ਚੁੱਕਾ ਹੈ। ਇਸੇ ਦੌਰਾਨ ਯੂ ਐਸ ਸਰਜਨ ਜਨਰਲ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਹੈ ਕਿ ਜੇਕਰ ਅਸੀਂ ਚਹੁੰਦੇ ਹਾਂ ਕਿ ਸਾਡੇ ਬੱਚੇ ਵਾਪਿਸ ਸਕੂਲ ਜਾਣ ਤੇ ਅਰਥ ਵਿਵਸਥਾ ਪੱਟੜੀ ਉਪਰ ਆ ਜਾਵੇ ਤਾਂ ਹਰ ਅਮਰੀਕੀ ਨੂੰ ਕੋਵਿਡ ਟੀਕਾਕਰਣ ਕਰਵਾਉਣ ਦੀ ਲੋੜ ਹੈ। ਉਨਾਂ ਕਿਹਾ ਹੈ ਕਿ ਹਰ ਅਮਰੀਕੀ ਦੇ ਟੀਕਾਕਰਣ ਨੂੰ ਯਕੀਨੀ ਬਣਾਇਆ ਜਾਵੇ ਤੇ ਇਸ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਹੋਣੀ ਚਾਹੀਦੀ।


Share