ਐਟਲਾਂਟਾ ਕਤਲੇਆਮ ਖ਼ਿਲਾਫ਼ ਅਮਰੀਕਾ ’ਚ ਰੋਸ ਰੈਲੀਆਂ

431
Share

ਐਟਲਾਂਟਾ, 22 ਮਾਰਚ (ਪੰਜਾਬ ਮੇਲ)- ਅਮਰੀਕੀ ਸੂਬੇ ਜੌਰਜੀਆ ਦੀ ਰਾਜਧਾਨੀ ਐਟਲਾਂਟਾ ਵਿਚ ਹਾਲ ਹੀ ’ਚ ਇਕ ਬੰਦੂਕਧਾਰੀ ਵੱਲੋਂ ਲੋਕਾਂ ਦੀ ਕੀਤੀ ਹੱਤਿਆ ਖ਼ਿਲਾਫ਼ ਅੱਜ ਰੋਸ ਪ੍ਰਗਟਾਇਆ ਗਿਆ ਹੈ। ਰੋਸ ਰੈਲੀਆਂ ਦੌਰਾਨ ਲੋਕਾਂ ਨੇ ਨਸਲਵਾਦ, ਪ੍ਰਵਾਸੀਆਂ ਤੇ ਔਰਤਾਂ ਪ੍ਰਤੀ ਨਫ਼ਰਤੀ ਭਾਵ ਰੱਖਣ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਜ਼ਿਕਰਯੋਗ ਹੈ ਕਿ ਐਟਲਾਂਟਾ ਵਿਚ ਕੁਝ ਦਿਨ ਪਹਿਲਾਂ ਗੋਰੇ ਬੰਦੂਕਧਾਰੀ ਨੇ ਏਸ਼ਿਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਔਰਤਾਂ ਦੀ ਹੱਤਿਆ ਕਰ ਦਿੱਤੀ ਸੀ। ਐਟਲਾਂਟਾ ਦੇ ਲਿਬਰਟੀ ਪਲਾਜ਼ਾ ਵਿਚ ਅੱਜ ਵੱਖ-ਵੱਖ ਉਮਰ ਵਰਗ, ਨਸਲਾਂ ਤੇ ਪਿਛੋਕੜ ਵਾਲੇ ਸੈਂਕੜੇ ਲੋਕ ਇਕੱਠੇ ਹੋਏ। ਅਮਰੀਕਾ ਵਿਚ ਹੋਰਨਾਂ ਥਾਵਾਂ ਉਤੇ ਵੀ ਰੋਸ ਰੈਲੀਆਂ ਹੋਈਆਂ। ਐਟਲਾਂਟਾ ਵਿਚ ਅਮਰੀਕੀ ਸੈਨੇਟਰ ਰਾਫੈਲ ਵਾਰਨੌਕ ਨੇ ਕਿਹਾ ਕਿ ਉਹ ਏਸ਼ਿਆਈ ਭੈਣਾਂ-ਭਰਾਵਾਂ ਦਾ ਦੁੱਖ ਦੇਖ ਰਹੇ ਹਨ ਤੇ ਉਨ੍ਹਾਂ ਦੇ ਨਾਲ ਖੜ੍ਹੇ ਹਨ। 21 ਸਾਲਾ ਰੌਬਰਟ ਆਰੋਨ ਲੌਂਗ ’ਤੇ ਚਿਰੌਕੀ ਕਾਊਂਟੀ ਦੇ ਇਕ ਸਪਾ ਤੇ ਇਕ ਹੋਰ ਥਾਂ ’ਤੇ ਅੱਠ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ। ਮਾਰੇ ਗਏ 8 ਜਣਿਆਂ ਵਿਚੋਂ ਛੇ ਏਸ਼ਿਆਈ ਮੂਲ ਦੀਆਂ ਔਰਤਾਂ ਸਨ।


Share