ਐਗਜ਼ਿਟ ਪੋਲ: ਗੁਜਰਾਤ ਵਿਚ ਲਗਾਤਾਰ ਪੰਜਵੀਂ ਵਾਰ ‘ਕਮਲ’ ਖਿੜਨ ਦੀ ਸੰਭਾਵਨਾ

39

ਹਿਮਾਚਲ ਪ੍ਰਦੇਸ਼ ‘ਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ
ਦਿੱਲੀ ਨਿਗਮ ਚੋਣਾਂ ਵਿਚ ‘ਆਪ’ ਦਾ ਝਾੜੂ ਫਿਰਨ ਦਾ ਦਾਅਵਾ
ਨਵੀਂ ਦਿੱਲੀ, 5 ਦਸੰਬਰ (ਪੰਜਾਬ ਮੇਲ)- ਗੁਜਰਾਤ ਅਸੈਂਬਲੀ ਚੋਣਾਂ ਲਈ ਦੂਜਾ ਤੇ ਆਖਰੀ ਗੇੜ ਮੁਕੰਮਲ ਹੋਣ ਮਗਰੋਂ ਜਾਰੀ ਵੱਖ-ਵੱਖ ਐਗਜ਼ਿਟ ਪੋਲਾਂ (ਚੋਣ ਸਰਵੇਖਣਾਂ) ਵਿਚ ਗੁਜਰਾਤ ਵਿਚ ਲਗਾਤਾਰ ਪੰਜਵੀਂ ਵਾਰ ਕਮਲ ਖਿੜਨ ਦੀ ਸੰਭਾਵਨਾ ਜਤਾਈ ਗਈ ਹੈ, ਜਦੋਂਕਿ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਧਰ ਦਿੱਲੀ ਦੇ 250 ਵਾਰਡਾਂ ਲਈ ਹੋਈਆਂ ਨਿਗਮ ਚੋਣਾਂ ਵਿਚ ‘ਆਪ’ ਦੇ ਝਾੜੂ ਵੱਲੋਂ ਹੂੰਝਾ ਫਿਰਦਾ ਦਿਸ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੀਆਂ 68 ਅਸੈਂਬਲੀ ਸੀਟਾਂ ਲਈ ਨਿਊਜ਼ ਐਕਸ ਨੇ ਭਾਜਪਾ ਨੂੰ 32-60, ਕਾਂਗਰਸ ਨੂੰ 27-34, ਆਪ ਨੂੰ 0 ਤੇ ਹੋਰਨਾਂ ਨੂੰ 1-2 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਰਿਪਬਲਿਕ ਟੀ.ਵੀ. ਪੀ.ਮਾਰਕ ਨੇ ਭਾਜਪਾ ਨੂੰ 34-39, ਕਾਂਗਰਸ ਨੂੰ 28-33, ਆਪ ਨੂੰ 0-1, ਹੋਰਨਾਂ ਨੂੰ 1 ਤੋਂ 4 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਹੈ। ਟਾਈਮਜ਼ ਨਾਓ ਈ.ਟੀ.ਜੀ. ਨੇ ਭਾਜਪਾ ਨੂੰ 38, ਕਾਂਗਰਸ ਨੂੰ 28, ਆਪ ਨੂੰ ਸਿਫਰ ਤੇ ਹੋਰਨਾਂ ਨੂੰ 2 ਸੀਟਾਂ ਮਿਲਦੀਆਂ ਵਿਖਾਈਆਂ ਹਨ। ਜ਼ੀ ਨਿਊਜ਼ ਬਾਰਕ ਨੇ ਭਾਜਪਾ 35-40, ਕਾਂਗਰਸ 20-25, ਆਪ 0-3 ਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਉਧਰ ਗੁਜਰਾਤ ਦੀਆਂ 182 ਸੀਟਾਂ ਲਈ ਜਾਰੀ ਐਗਜ਼ਿਟ ਪੋਲ ਵਿਚ ਨਿਊਜ਼ ਐਕਸ ਜਨ ਕੀ ਬਾਤ ਨੇ ਭਾਜਪਾ ਨੂੰ 117-140, ਕਾਂਗਰਸ ਨੂੰ 34-51, ਆਪ ਨੂੰ 6-13 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਰਿਪਬਲਿਕ ਟੀ.ਵੀ. ਪੀ ਮਾਰਕ ਨੇ ਭਾਜਪਾ ਨੂੰ 128 ਤੋਂ 148, ਕਾਂਗਰਸ ਤੇ ਹੋਰਨਾਂ ਨੂੰ 30-42 ਤੇ ਆਪ ਨੂੰ 2-10, ਟੀ.ਵੀ. 9 ਗੁਜਰਾਤੀ ਨੇ ਭਾਜਪਾ ਨੂੰ 125-130, ਕਾਂਗਰਸ 40-50 ਤੇ ਆਪ ਨੂੰ 3-5 ਅਤੇ ‘ਪੋਲ ਆਫ ਐਗਜ਼ਿਟ ਪੋਲਸ’ ਵਿਚ ਭਾਜਪਾ ਨੂੰ 32 ਸੀਟਾਂ ਦੇ ਵਾਧੇ ਨਾਲ 131 ਸੀਟਾਂ, ਕਾਂਗਰਸ ਨੂੰ 37 ਸੀਟਾਂ ਦੇ ਨੁਕਸਾਨ ਨਾਲ ਕੁੱਲ 41 ਸੀਟਾਂ ਤੇ ਆਪ ਨੂੰ ਸੱਤ ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਦਿੱਲੀ ਐੱਮ.ਸੀ.ਡੀ. ਚੋਣਾਂ ਦੇ ਐਗਜ਼ਿਟ ਪੋਲ ਵਿਚ ਲਗਪਰ ਸਾਰੇ ਹੀ ਚੋਣ ਸਰਵੇਖਣਾਂ ਵਿਚ 146 ਤੋਂ 175 ਦੇ ਦਰਮਿਆਨ ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। 250 ਵਾਰਡਾਂ ਵਾਲੀ ਦਿੱਲੀ ਨਗਰ ਨਿਗਮ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 126 ਸੀਟਾਂ ਦੀ ਲੋੜ ਹੈ। ਪੋਲ ਆਫ਼ ਐਗਜ਼ਿਟ ਪੋਲਸ ਵਿਚ ਭਾਜਪਾ ਨੂੰ 84 ਸੀਟਾਂ ਦੇ ਨੁਕਸਾਨ ਨਾਲ ਇੰਨੀਆਂ ਹੀ ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਕਾਂਗਰਸ ਨੂੰ 7 (-21) ਤੇ ਆਪ ਨੂੰ 155 (+111) ਸੀਟਾਂ ਮਿਲਣ ਦਾ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ।