ਐਂਡਰਿਊ ਯਾਂਗ ਨੇ ਅਧਿਕਾਰਤ ਤੌਰ ‘ਤੇ ਕੀਤੀ ਨਿਊਯਾਰਕ ਦੇ ਮੇਅਰ ਪਦ ਲਈ ਚੋਣ ਮੁਹਿੰਮ ਦੀ ਸ਼ੁਰੂਆਤ 

399
Share

ਫਰਿਜ਼ਨੋ (ਕੈਲੀਫੋਰਨੀਆਂ), 15 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ/ਪੰਜਾਬ ਮੇਲ)- 2020 ਦੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੇ ਸਾਬਕਾ ਦਾਅਵੇਦਾਰ ਐਂਡਰਿਊ ਯਾਂਗ ਨੇ ਨਿਊਯਾਰਕ ਸਿਟੀ ਦੇ ਮੇਅਰ ਬਨਣ ਲਈ ਅਧਿਕਾਰਤ ਤੌਰ ‘ਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਸੰਬੰਧੀ 46 ਸਾਲਾਂ  ਯਾਂਗ ਨੇ ਆਪਣੇ ਜ਼ਨਮ ਦਿਨ ਵਾਲੇ ਦਿਨ ਬੁੱਧਵਾਰ ਨੂੰ ਇੱਕ ਵੀਡੀਓ ਜਾਰੀ ਕਰਦਿਆਂ 2021 ਵਿੱਚ ਮੇਅਰ ਬਿਲ ਡੀ ਬਲਾਸੀਓ ਦੀ ਥਾਂ ਲੈਣ ਦੀ ਆਪਣੀ ਚੋਣ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਕਾਰੋਬਾਰੀ ਨੇ ਕਿਹਾ ਕਿ ਜੇਕਰ ਉਸ ਦੀ ਚੋਣ ਹੁੰਦੀ ਹੈ ਤਾਂ ਉਹ ਸ਼ਹਿਰ ਨਾਲ ਸੰਬੰਧਿਤ ਪੰਜ ਖੇਤਰਾਂ ਵਿੱਚ ਵਿਸ਼ਵਵਿਆਪੀ ਬੇਸਿਕ ਆਮਦਨ ਨੂੰ ਹਕੀਕਤ ਬਣਾਉਣ ਦੀਆਂ ਯੋਜਨਾਵਾਂ ਨੂੰ ਸੱਚ ਕਰੇਗਾ ,ਜਿਸ ਲਈ ਉਹ ਮੇਅਰ ਲਈ ਚੋਣ ਲੜ ਰਿਹਾ ਹੈ। ਇਸ ਤੋਂ ਪਹਿਲਾਂ ਯਾਂਗ ਨੇ ਆਪਣੇ ਯੂਨੀਵਰਸਲ ਬੇਸਿਕ ਇਨਕਮ ਪਲੇਟਫਾਰਮ ਲਈ 18 ਸਾਲ ਤੋਂ ਵੱਧ ਉਮਰ ਦੇ ਸਾਰੇ ਅਮਰੀਕੀਆਂ ਨੂੰ 1000 ਡਾਲਰ ਪ੍ਰਤੀ ਮਹੀਨਾ ਦੇਣ ਦੀ
ਘੋਸ਼ਣਾ ਕਰਕੇ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਸੀ ਪਰ ਆਖਰਕਾਰ ਉਹ ਰਾਸ਼ਟਰਪਤੀ ਚੋਣਾਂ ਦੀ ਦੋੜ ਵਿੱਚ ਅਸਫਲ ਹੋਣ ਕਾਰਨ ਫਰਵਰੀ 2020 ਵਿੱੱਚ ਨਿਊ ਹੈਂਪਸ਼ਾਇਰ ਪ੍ਰਾਇਮਰੀ ਤੋਂ ਬਾਅਦ ਬਾਹਰ ਹੋ ਗਿਆ ਸੀ ਅਤੇ ਫਿਰ ਯਾਂਗ ਨੇ ਬਾਅਦ ਵਿੱਚ ਜੋਅ ਬਾਈਡੇਨ ਦਾ ਸਮਰਥਨ ਕੀਤਾ ਸੀ। ਯਾਂਗ ਨੇ ਆਪਣੀ ਘੋਸ਼ਣਾ ਵਿੱਚ ਲੱਖਾਂ ਨਿਊਯਾਰਕ ਵਾਸੀਆਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਣ ‘ਤੇ ਜੋਰ ਦਿੱਤਾ ਹੈ। ਸ਼ੇਨੇਕਟਾਡੀ ਵਿੱਚ ਜਨਮੇ ਯਾਂਗ 21  ਸਾਲ ਦੀ ਉਮਰ ਵਿੱਚ ਮੈਨਹੱਟਨ ਚਲੇ ਗਏ ਸਨ ਅਤੇ ਉਹਨਾਂ ਨੇ ਆਪਣੀ ਮੁਹਿੰਮ ਦਾ ਪਹਿਲਾ ਪ੍ਰੋਗਰਾਮ ਵੀਰਵਾਰ ਨੂੰ ਮਾਰਨਿੰਗਸਾਈਡ ਹਾਈਟਸ ਵਿੱਚ ਰੱਖਣ ਦੀ ਯੋਜਨਾ ਬਣਾਈ ਹੈ। ਨਿਊਯਾਰਕ ਮੇਅਰ ਦੀ ਮੁੱਢਲੀ ਚੋਣ 22 ਜੂਨ ਨੂੰ ਹੋਵੇਗੀ ਅਤੇ ਵੀਰਵਾਰ ਸਵੇਰ ਤੱਕ ਘੱਟੋ ਘੱਟ 37 ਲੋਕਾਂ ਨੇ ਮੇਅਰ ਦੇ ਅਹੁਦੇ ਦੀ ਚੋਣ ਲੜਨ ਲਈ ਕਾਗਜ਼ਾਤ ਦਾਖਲ ਕੀਤੇ ਹਨ।

Share